
ਨਾ ਰਾਜਨੀਤੀ ਵਿਚ ਆਵਾਂਗਾ ਤੇ ਨਾ ਹੀ ਪਾਰਟੀ ਬਣਾਵਾਂਗਾ : ਰਜਨੀਕਾਂਤ
ਚੇਨਈ, 29 ਦਸੰਬਰ : ਤਮਿਲ ਸੁਪਰਸਟਾਰ ਰਜਨੀਕਾਂਤ ਨੇ ਰਾਜਨੀਤੀ ’ਚ ਨਾ ਆਉਣ ਦਾ ਫ਼ੈਸਲਾ ਕੀਤਾ ਹੈ। ਰਜਨੀਕਾਂਤ ਨੇ ਇਕ ਚਿੱਠੀ ’ਚ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਹਵਾਲਾ ਦਿੰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ। ਅਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਅਪਣੇ ਫ਼ੈਸਲੇ ਤੋਂ ਪਿਛੇ ਹਟਣ ’ਤੇ ਮੈਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਵੇਗਾ ਪਰ ਮੈਂ ਅਪਣੇ ਪ੍ਰਸ਼ੰਸਕਾਂ ਨੂੰ ਕਿਸੇ ਮੁਸੀਬਤ ਦੀ ਸਥਿਤੀ ’ਚ ਨਹੀਂ ਰਖਣਾ ਚਾਹੁੰਦਾ। ਰਜਨੀਕਾਂਤ ਨੇ ਕਿਹਾ ਕਿ ਮੈਂ ਚੋਣਾਵੀ ਰਾਜਨੀਤੀ ’ਚ ਉਤਰੇ ਬਿਨਾਂ ਲੋਕਾਂ ਦੀ ਸੇਵਾ ਕਰਾਂਗਾ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਉਹ ਜਨਵਰੀ 2021 ’ਚ ਸਿਆਸੀ ਪਾਰਟੀ ਦਾ ਗਠਨ ਕਰਨਗੇ ਅਤੇ 31 ਦਸੰਬਰ ਨੂੰ ਇਸ ’ਤੇ ਹੋਰ ਜਾਣਕਾਰੀ ਦੇਣਗੇ। (ਪੀਟੀਆਈ)