
Barnala School Bus Accident : ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਜ਼ਿਲ੍ਹਾ ਬਰਨਾਲਾ ਵਿਚ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਭਦੌੜ ਦੇ ਨੇੜਲੇ ਪਿੰਡ ਅਲਕੜਾਂ ਵਿਖੇ ਧੁੰਦ ਕਾਰਨ ਸਕੂਲੀ ਬੱਸ ਪਲਟ ਗਈ। ਜਾਣਕਾਰੀ ਅਨੁਸਾਰ ਸਵੇਰੇ ਤਕਰੀਬਨ ਨੌ ਵਜੇ ਭਦੌੜ ਦੇ ਮਾਤਾ ਗੁਜਰੀ ਪਬਲਿਕ ਸਕੂਲ ਦੀ ਬੱਸ ਪਿੰਡ ਅਲਕੜਾ ਅਤੇ ਪਿੰਡ ਜੰਗੀਆਣਾ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਭਦੌੜ ਸਕੂਲ ਨੂੰ ਜਾ ਰਹੀ ਸੀ ਤਾਂ ਰਸਤੇ ਵਿੱਚ ਅਲਕੜਾ ਲੰਘ ਕੇ ਭਦੌੜ ਵਾਲੀ ਸਾਈਡ 'ਤੇ ਇੱਕ ਟਰੈਕਟਰ ਟਰਾਲੀ ਨੂੰ ਪਾਸ ਕਰਨ ਲੱਗੀ ਪ੍ਰੰਤੂ ਧੁੰਦ ਕਾਰਨ ਅਤੇ ਟਰਾਲੀ ਦੇ ਰਿਫਲੈਕਟਰ ਅਤੇ ਲਾਈਟਾਂ ਨਾ ਲੱਗੀਆਂ ਹੋਣ ਕਾਰਨ ਬੱਸ ਖੇਤਾਂ ਵਿੱਚ ਜਾ ਪਲਟੀ।
ਜਿਸ ਕਾਰਨ ਮੌਕੇ 'ਤੇ ਹੀ ਡਰਾਈਵਰ ਨੇ ਬੱਸ ਦੇ ਅਗਲੇ ਅਤੇ ਪਿਛਲੇ ਸ਼ੀਸ਼ੇ ਭੰਨ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਦੇ ਨਾਲ ਹੀ ਡਰਾਈਵਰ ਨੇ ਸਕੂਲ ਮੈਨੇਜਮੈਂਟ ਅਤੇ ਪਿੰਡ ਵਾਸੀਆਂ ਨੂੰ ਬੁਲਾਇਆ।
ਜਿਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਮੌਕੇ 'ਤੇ ਪਹੁੰਚ ਕੇ ਬੱਸ ਵਿਚਲੇ ਬੱਚਿਆਂ ਨੂੰ ਮਾਪਿਆਂ ਨੂੰ ਸੌਂਪ ਦਿੱਤਾ ਅਤੇ ਜਿਨ੍ਹਾਂ ਦੇ ਮਾਮੂਲੀ ਸੱਟਾਂ ਆਈਆਂ ਉਹਨਾਂ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ। ਮੌਕੇ 'ਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋ ਗਿਆ ਅਤੇ ਪਲਟੀ ਹੋਈ ਬੱਸ ਨੂੰ ਲੋਕਾਂ ਨੇ ਜੈਸੀਬੀ ਦੀ ਮਦਦ ਦੇ ਨਾਲ ਬਾਹਰ ਕੱਢਿਆ। ਫ਼ਿਲਹਾਲ ਰਾਹਤ ਦੀ ਗੱਲ ਰਹੀ ਕਿ ਇਸ ਹਾਦਸੇ ਵਿਚ ਕਿਸੇ ਵੀ ਬੱਚੇ ਦੇ ਜ਼ਿਆਦਾ ਸੱਟ ਨਹੀਂ ਲ਼ੱਗੀ।