
ਅਦਾਲਤ ਵਲੋਂ ਕਤਲ ਦੀ ਧਾਰਾ 302 ਤਹਿਤ ਮਾਮਲਾ ਦਰਜ
ਰੂਪਨਗਰ: 26 ਸਾਲ ਪਹਿਲਾਂ ਕਾਂਸਟੇਬਲ ਨੂੰ ਗੋਲੀ ਮਾਰ ਕੇ ਮੁਕਾਬਲਾ ਬਣਾਉਣ ਦੇ ਦੋਸ਼ ਵਿਚ ਰੂਪਨਗਰ ਦੀ ਅਦਾਲਤ ਨੇ ਸੇਵਾਮੁਕਤ ਐੱਸਪੀ ਸਮੇਤ 10 ਵਿਰੁਧ ਕਤਲ ਦੀ ਧਾਰਾ 302 ਲਗਾ ਕੇ ਜੇਲ੍ਹ ਭੇਜ ਦਿਤਾ ਅਤੇ ਮਾਮਲਾ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਹਵਾਲੇ ਕਰ ਦਿਤਾ ਹੈ। ਸੁਣਵਾਈ ਦੌਰਾਨ ਪੁੱਜੇ ਸੇਵਾਮੁਕਤ ਐਸ.ਪੀ. ਹਰਪਾਲ ਸਿੰਘ, ਜੋ ਘਟਨਾ ਵੇਲੇ ਥਾਣਾ ਸ਼੍ਰੀ ਚਮਕੌਰ ਸਾਹਿਬ ਦੇ ਐਸ.ਐਚ.ਓ. ਸਨ, ਸਮੇਤ ਏ.ਐਸ.ਆਈ ਸੰਤੋਖ ਸਿੰਘ, ਏ.ਐਸ.ਆਈ. ਗੁਰਨਾਮ ਸਿੰਘ,
ਹੈੱਡ ਕਾਂਸਟੇਬਲ ਇਕਬਾਲ ਮੁਹੰਮਦ, ਕਾਂਸਟੇਬਲ ਮਹਿੰਦਰ ਸਿੰਘ, ਕਾਂਸਟੇਬਲ ਸੁਖਵਿੰਦਰ ਲਾਲ, ਕਾਂਸਟੇਬਲ ਪਰਮੇਲ ਸਿੰਘ, ਕਾਂਸਟੇਬਲ ਰਜਿੰਦਰ ਸਿੰਘ, ਕਾਂਸਟੇਬਲ ਜਸਵਿੰਦਰ ਸਿੰਘ ਅਤੇ ਮਹਿਲਾ ਮਹਿੰਦਰ ਕੌਰ ਨੂੰ ਜੇਲ੍ਹ ਭੇਜ ਦਿਤਾ। ਮਾਮਲੇ ਦੇ ਮੁਤਾਬਕ 9 ਜੁਲਾਈ 1993 ਨੂੰ ਪਰਮਜੀਤ ਸਿੰਘ ਕਿਸੇ ਲੈਣ-ਦੇਣ ਦੇ ਮਾਮਲੇ 'ਚ ਪਿੰਡ ਮੌਜਲੀਪੁਰ 'ਚ ਮਹਿੰਦਰ ਕੌਰ ਦੇ ਘਰੋਂ ਪੈਸੇ ਲੈਣ ਗਿਆ ਸੀ ਪਰ ਉਥੇ ਕਥਿਤ ਪੁਲਿਸ ਵਲੋਂ ਚਲਾਈ ਗੋਲੀ ਕਾਰਨ ਪਰਮਜੀਤ ਸਿੰਘ ਹਲਾਕ ਹੋ ਗਿਆ ਸੀ।
ਪੁਲਿਸ ਨੇ ਉਸ ਵੇਲੇ ਲਿਖੀ ਐਫ.ਆਈ.ਆਰ. 'ਚ ਇਸ ਕਤਲ ਨੂੰ ਮੁਕਾਬਲੇ ਦਾ ਨਾਂ ਦਿਤਾ ਗਿਆ ਸੀ। ਪੁਲਿਸ ਨੇ ਕਿਹਾ ਸੀ ਕਿ ਨਾਕੇ ਦੌਰਾਨ ਹੋਏ ਮੁਕਾਬਲੇ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਦੀ ਬਾਅਦ ਵਿਚ ਪਰਮਜੀਤ ਸਿੰਘ ਵਜੋਂ ਸ਼ਨਾਖ਼ਤ ਹੋਈ। ਇਸ ਮਾਮਲੇ 'ਚ ਸਾਲ 1998 'ਚ ਮਿ੍ਤਕ ਦੇ ਦਾਦਾ ਦਲਜੀਤ ਸਿੰਘ ਨੇ ਅਦਾਲਤ 'ਚ ਰਿੱਟ ਦਾਇਰ ਕੀਤੀ ਸੀ ਕਿ ਇਹ ਮੁਕਾਬਲਾ ਨਹੀਂ ਬਲਕਿ ਕਤਲ ਹੈ,
ਜਿਸ ਦੀ ਸੁਣਵਾਈ ਉਪਰੰਤ ਸਾਲ 2002 'ਚ ਅਦਾਲਤ ਨੇ ਉਕਤ ਪੁਲਿਸ ਅਫ਼ਸਰਾਂ ਅਤੇ ਕਰਮਚਾਰੀਆਂ 'ਤੇ ਧਾਰਾ 304 ਏ ਅਤੇ 120 ਬੀ ਤਹਿਤ ਦੋਸ਼ ਆਇਦ ਕਰਕੇ ਮਾਮਲਾ ਸੈਸ਼ਨ ਕੋਰਟ ਭੇਜ ਦਿਤਾ ਸੀ ਪਰ ਫਿਰ ਇਹ ਮਾਮਲਾ ਅਦਾਲਤ 'ਚ ਚਲਦਾ ਰਿਹਾ। ਅਖ਼ੀਰ ਮਿ੍ਤਕ ਦੇ ਦਾਦਾ ਦਲਜੀਤ ਸਿੰਘ ਦੀ ਅਦਾਲਤ 'ਚ ਲੰਬੀ ਚਾਰਾਜੋਈ ਉਪਰੰਤ ਸਾਲ 2009 'ਚ ਉਕਤ ਧਾਰਾਵਾਂ ਤਹਿਤ ਦੋਸ਼ ਆਇਦ ਹੋਏ। ਫਿਰ ਇਹ ਮਾਮਲਾ ਕਤਲ ਦੀ ਧਾਰਾ ਲਗਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਪੁੱਜਾ,
ਜਿੱਥੋਂ ਹਾਈਕੋਰਟ ਨੇ ਹਦਾਇਤਾਂ ਜਾਰੀ ਕਰਕੇ ਇਹ ਮਾਮਲਾ ਹੇਠਲੀ ਅਦਾਲਤ 'ਚ ਭੇਜਿਆ ਸੀ। ਹੁਣ ਹੇਠਲੀ ਅਦਾਲਤ ਨੇ ਧਾਰਾ 302 ਆਈ.ਪੀ.ਸੀ. ਦਾ ਹੋਣਾ ਤਾਂ ਮੰਨ ਲਿਆ ਪਰ ਹੇਠਲੀ ਅਦਾਲਤ ਦਾ ਇਸ ਤਹਿਤ ਸੁਣਵਾਈ ਲਈ ਅਧਿਕਾਰ ਖੇਤਰ ਨਾ ਹੋਣ ਕਰਕੇ ਇਹ ਮਾਮਲਾ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ 'ਚ ਭੇਜਿਆ ਗਿਆ ਹੈ ਜਿਥੇ 2 ਅਪ੍ਰੈਲ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਇਸ 'ਤੇ ਅਗਲੀ ਸੁਣਵਾਈ ਕਰੇਗੀ ਅਤੇ 2 ਅਪ੍ਰੈਲ ਨੂੰ ਹੀ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ 'ਤੇ ਵੀ ਸੁਣਵਾਈ ਹੋਵੇਗੀ।