
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਰੀਆ ਕੋਲੋਂ ਤੀਜੇ ਦਿਨ ਵੀ ਪੁੱਛ-ਪੜਤਾਲ
ਮੁੰਬਈ, 30 ਅਗੱਸਤ : ਕੇਂਦਰੀ ਜਾਂਚ ਬਿਊਰੋ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿਚ ਅਦਾਕਾਰਾ ਰੀਆ ਚਕਰਵਰਤੀ ਕੋਲੋਂ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਪੁੱਛ-ਪੜਤਾਲ ਕੀਤੀ। ਰੀਆ 'ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਦਸਿਆ ਕਿ ਰੀਆ ਦੇ ਭਰਾ ਸ਼ੋਵਿਕ ਨੂੰ ਲਗਾਤਾਰ ਚੌਥੇ ਦਿਨ ਸੀਬੀਆਈ ਨੇ ਪੁੱਛ-ਪੜਤਾਲ ਲਈ ਤਲਬ ਕੀਤਾ ਸੀ। ਉਨ੍ਹਾਂ ਦਸਿਆ ਕਿ ਰੀਆ ਅਤੇ ਉਸ ਦਾ ਭਰਾ ਡੀਆਰਡੀਓ ਦੇ ਮਹਿਮਾਨ ਘਰ ਵਿਚ ਸਵੇਰੇ ਲਗਭਗ ਸਾਢੇ ਦਸ ਵਜੇ ਪਹੁੰਚੇ। ਜਾਂਚ ਟੀਮ ਇਥੇ ਠਹਿਰੀ ਹੋਈ ਹੈ। ਰਾਜਪੂਤ ਦੇ ਮੈਨੇਜਰ ਸੈਮੁਇਲ ਮਿਰਾਂਡਾ ਅਤੇ ਘਰੇਲੂ ਸਹਾਇਕ ਕੇਸ਼ਵ ਵੀ ਸਵੇਰੇ ਗੈਸਟ ਹਾਊਸ ਪਹੁੰਚੇ। ਜਾਂਚ ਏਜੰਸੀ ਦੀ ਟੀਮ ਨੇ ਸ਼ੁਕਰਵਾਰ ਨੂੰ ਰੀਆ ਕੋਲੋਂ 10 ਘੰਟੇ ਤਕ ਪੁੱਛ-ਪੜਤਾਲ ਕੀਤੀ ਸੀ। ਫਿਰ ਅਦਾਕਾਰਾ ਪੁਲਿਸ ਦੇ ਸੁਰੱਖਿਆ ਘੇਰੇ ਵਿਚ ਅਪਣੇ ਘਰ ਪਹੁੰਚੀ ਸੀ ਕਿਉਂਕਿ ਉਥੇ ਭਾਰੀ ਗਿਣਤੀ ਵਿਚ ਪੱਤਰਕਾਰ ਮੌਜੂਦ ਸਨ। ਸੀਬੀਆਈ ਦੀ ਟੀਮ ਨੇ ਰਾਜਪੂਤ ਨਾਲ ਫ਼ਲੈਟ ਵਿਚ ਰਹਿਣ ਵਾਲੇ ਸਿਧਾਰਥ ਪਿਠਾਨੀ, ਰਸੋਈਏ ਨੀਰਜ ਸਿੰਘ ਅਤੇ ਲੇਖਾਕਾਰ ਰਜਤ ਮੇਵਾਤੀ ਕੋਲੋਂ ਸਨਿਚਰਵਾਰ ਨੂੰ ਪੁੱਛ-ਪੜਤਾਲ ਕੀਤੀ ਸੀ। (ਏਜੰਸੀ)Photo