
ਬਰਨਾਲਾ ਦੇ ਰਹਿਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਲੜਕੇ ਦਾ ਵਿਆਹ 22 ਮਾਰਚ 2015 ਨੂੰ ਹੋਇਆ ਸੀ।
ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਪਤੀ ਨੂੰ ਥੱਪੜ ਮਾਰਨ ਤੋਂ ਬਾਅਦ ‘ਕਿਤੇ ਜਾ ਕੇ ਮਰ’ ਕਹਿਣ ਵਾਲੀ ਪਤਨੀ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਆਪਸੀ ਲੜਾਈ 'ਚ ਅਜਿਹਾ ਕਹਿਣਾ ਖੁਦਕੁਸ਼ੀ ਲਈ ਉਕਸਾਉਣ ਲਈ ਕਾਫੀ ਨਹੀਂ ਹੈ। ਬਰਨਾਲਾ ਦੇ ਰਹਿਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਲੜਕੇ ਦਾ ਵਿਆਹ 22 ਮਾਰਚ 2015 ਨੂੰ ਹੋਇਆ ਸੀ।
ਪਤਨੀ ਗ੍ਰੈਜੂਏਟ ਸੀ ਅਤੇ ਆਪਣੇ ਅਨਪੜ੍ਹ ਪਤੀ ਨੂੰ ਆਪਣੇ ਬਰਾਬਰ ਨਹੀਂ ਸਮਝਦੀ ਸੀ। ਇਸ ਕਾਰਨ ਦੋਵੇਂ ਰੋਜ਼ ਹੀ ਝਗੜਾ ਕਰਦੇ ਸਨ। ਸਮਾਂ ਬੀਤਣ ਨਾਲ ਦੋਵਾਂ ਵਿਚ ਝਗੜਾ ਵਧਦਾ ਗਿਆ। ਹਾਲਤ ਇਹ ਬਣ ਗਏ ਕਿ ਪਤਨੀ ਕਿਸੇ ਵੇਲੇ ਵੀ ਲੜ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਉਸ ਦੇ ਸਹੁਰੇ ਹਰ ਵਾਰ ਉਸ ਨੂੰ ਮਨਾ ਕੇ ਲੈ ਕੇ ਆਉਂਦੇ ਸਨ ਤਾਂ ਜੋ ਰਿਸ਼ਤਾ ਨਾ ਟੁੱਟੇ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 28 ਜੂਨ 2015 ਨੂੰ ਪੁੱਤਰ ਅਤੇ ਨੂੰਹ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਨੂੰਹ ਨੇ ਆਪਣੇ ਪਤੀ ਨੂੰ ਥੱਪੜ ਮਾਰਿਆ ਅਤੇ ਕਿਹਾ ਕਿ ਉਹ ਕਿਤੇ ਜਾ ਕੇ ਮਰ ਕਿਉਂ ਨਹੀਂ ਜਾਂਦਾ। ਇਸ ਤੋਂ ਬਾਅਦ ਬੇਟਾ ਕਮਰੇ 'ਚ ਗਿਆ ਅਤੇ ਅੰਦਰੋਂ ਕੁੰਡੀ ਲਗਾ ਦਿੱਤੀ। ਕੁਝ ਸਮੇਂ ਬਾਅਦ ਕਮਰੇ ਵਿਚੋਂ ਧੂੰਆਂ ਨਿਕਲਦਾ ਦੇਖਿਆ ਗਿਆ ਅਤੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ।
ਅੰਦਰ ਪੁੱਤਰ ਨੇ ਖੁਦ ਨੂੰ ਅੱਗ ਲਗਾ ਲਈ ਸੀ। ਉਸ ਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਜਾਂਚ ਕੀਤੀ ਅਤੇ ਹੇਠਲੀ ਅਦਾਲਤ ਨੇ ਨੂੰਹ ਨੂੰ ਦੋਸ਼ੀ ਪਾਇਆ ਅਤੇ 7 ਸਾਲ ਦੀ ਕੈਦ ਅਤੇ 1.25 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਸਜ਼ਾ ਦੇ ਇਸ ਹੁਕਮ ਨੂੰ ਨੂੰਹ ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ।
ਹਾਈਕੋਰਟ ਨੇ ਨੂੰਹ ਦੀ ਪਟੀਸ਼ਨ 'ਤੇ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਗਵਾਹ ਸਿਰਫ ਮ੍ਰਿਤਕ ਦੇ ਮਾਤਾ-ਪਿਤਾ ਹਨ, ਹੋਰ ਕੋਈ ਨਹੀਂ। ਅਦਾਲਤ ਨੇ ਕਿਹਾ ਕਿ ਜੇਕਰ ਇਹ ਮੰਨ ਲਿਆ ਜਾਵੇ ਕਿ ਪਟੀਸ਼ਨਕਰਤਾ ਦੀ ਨੂੰਹ ਨੇ ਪਤੀ ਨੂੰ ਥੱਪੜ ਮਾਰਿਆ ਅਤੇ ਕਿਹਾ ਸੀ ‘ਕਿਤੇ ਜਾ ਕੇ ਮਰ’ ਤਾਂ ਵੀ ਇਹ ਪਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਅਪਰਾਧ ਨਹੀਂ ਬਣਦਾ। ਹਾਈ ਕੋਰਟ ਨੇ ਨੂੰਹ ਦੀ ਸਜ਼ਾ ਨੂੰ ਟਾਲਦੇ ਹੋਏ ਉਸ ਨੂੰ ਜੁਰਮਾਨੇ ਦੀ ਰਕਮ ਵਾਪਸ ਕਰਨ ਦੇ ਹੁਕਮ ਦਿੱਤੇ ਹਨ।