
ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਵਿਚ ਐਤਵਾਰ ਰਾਤ ਲਗਭੱਗ 2.30 ਵਜੇ ਇਲਾਜ ਕਰਵਾਉਣ...
ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਵਿਚ ਐਤਵਾਰ ਰਾਤ ਲਗਭੱਗ 2.30 ਵਜੇ ਇਲਾਜ ਕਰਵਾਉਣ ਆਈ ਔਰਤ ਦੇ ਪਰਵਾਰ ਨੇ ਮਰੀਜ਼ ਦਾ ਨਾਮ ਪੁੱਛਣ ਦੀ ਗੱਲ ‘ਤੇ ਗੁੱਸਾ ਹੋ ਕੇ ਡਾਕਟਰ ਨੂੰ ਚਪੇੜਾਂ ਅਤੇ ਲੱਤਾਂ ਨਾਲ ਝੰਬਿਆ। ਘਟਨਾ ਤੋਂ ਗਰਮਾਏ ਡਾਕਟਰਾਂ ਨੇ ਹੜਤਾਲ ਕਰ ਦਿਤੀ। ਸ਼ਹਿਰ ਦੀਆਂ ਸਿਹਤ ਸੇਵਾਵਾਂ ਵੀ ਠੱਪ ਕਰ ਦਿਤੀਆਂ। ਡਾਕਟਰਾਂ ਨੇ ਗ੍ਰਿਫ਼ਤਾਰੀ ਤੱਕ ਵਿਰੋਧ ਜਾਰੀ ਰੱਖਣ ਦੀ ਚਿਤਾਵਨੀ ਦਿਤੀ ਹੈ। ਪੁਲਿਸ ਨੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਰੈਜ਼ੀਡੈਂਟ ਡਾਕਟਰ ਨੇ ਦੱਸਿਆ ਕਿ ਡਾ. ਸਚਿਨ ਵਰਧਨ ਡਿਊਟੀ ‘ਤੇ ਤੈਨਾਤ ਸੀ। ਰਾਤ ਢਾਈ ਵਜੇ ਦੋ-ਤਿੰਨ ਔਰਤਾਂ ਸਮੇਤ 8 ਲੋਕ ਇਕ ਮਹਿਲਾ ਮਰੀਜ਼ ਨੂੰ ਲੈ ਕੇ ਆਏ। ਇਲਾਜ ਦੇ ਦੌਰਾਨ ਉਨ੍ਹਾਂ ਨੇ ਸਿਰਫ਼ ਮਰੀਜ਼ ਔਰਤ ਨੂੰ ਇੰਨਾ ਕਿਹਾ, ‘ਤੇਰਾ ਨਾਮ ਕੀ ਹੈ?’ ਇਸ ਨੂੰ ਲੈ ਕੇ ਨਾਲ ਆਏ ਲੋਕ ਭੜਕ ਗਏ ਕਿ ‘ਤੇਰਾ’ ਕਿਉਂ ਕਿਹਾ ਹਾਲਾਂਕਿ ਉਨ੍ਹਾਂ ਨੇ ਮਾਫ਼ੀ ਵੀ ਮੰਗੀ ਪਰ ਨਾਲ ਆਏ ਲੋਕਾਂ ਨੇ ਥੱਪੜ ਅਤੇ ਘਸੁੰਨਾਂ ਨਾਲ ਹਮਲਾ ਕਰ ਦਿਤਾ।
ਉਹ ਭੱਜ ਕੇ ਅਪਣੇ ਰੂਮ ਵਿਚ ਪਹੁੰਚੇ ਅਤੇ ਉੱਥੇ ਵੀ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਇੱਧਰ, ਹਮਲੇ ਦੇ ਵਿਰੋਧ ਵਿਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ਼ ਐਸੋਸੀਏਸ਼ਨ ਨੇ ਹੜਤਾਲ ਦੀ ਚਿਤਾਵਨੀ ਦਿਤੀ ਹੈ। ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰਾਂ ਦੀ ਸੁਰੱਖਿਆ ਦਾ ਕੋਈ ਵੀ ਬੰਦੋਬਸਤ ਨਹੀਂ ਹੈ।
ਦੋ ਸਾਲ ਪਹਿਲਾਂ ਵੀ ਬਾਹਰੀ ਲੋਕਾਂ ਨੇ ਇਕ ਪੀਜੀ ਡਾਕਟਰ ਦੀ ਬਾਂਹ ਤੋੜ ਦਿਤੀ ਸੀ। ਸੋਮਵਾਰ ਨੂੰ ਉਹ ਹੋਰ ਸੇਵਾਵਾਂ ਦੇ ਨਾਲ ਐਮਰਜੈਂਸੀ ਨੂੰ ਵੀ ਬੰਦ ਕਰਨਗੇ। ਐਸੋਸੀਏਸ਼ਨ ਦੇ ਲੋਕਾਂ ਦੀ ਮੰਗ ਹੈ ਕਿ ਮੌਕੇ ‘ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ ਜਾਵੇ। ਡਾਕਟਰਾਂ ਦੀ ਸੁਰੱਖਿਆ ਦਾ ਪੁਖਤਾ ਬੰਦੋਬਸਤ ਹੋਵੇ, ਸੀਸੀਟੀਵੀ ਕੈਮਰੇ ਠੀਕ ਕਰਵਾਏ ਜਾਣ, ਲਾਈਟ ਦੀ ਸਹੀ ਢੰਗ ਨਾਲ ਵਿਵਸਥਾ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।