
ਹਰੀਕੇ ਪੱਤਣ/ਸਰਹਾਲੀ ਕਲਾਂ, 19 ਜਨਵਰੀ (ਬਲਦੇਵ ਸਿੰਘ ਸੰਧੂ): ਅਕਾਲ ਤਖ਼ਤ ਦੀ ਸਿਰਜਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ ਤਾਕਿ ਜ਼ੁਲਮ ਵਿਰੁਧ ਲੜਿਆ ਜਾ ਸਕੇ ਅਤੇ ਸਿੱਖੀ ਸਿਧਾਂਤਾਂ ਨੂੰ ਸਦੀਵੀ ਤੌਰ 'ਤੇ ਜਿੰਦਾ ਰਖਿਆ ਜਾ ਸਕੇ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਬਾਦਲ ਵਲੋਂ ਆਪੇ ਥਾਪੇ ਜਥੇਦਾਰ ਇਸ ਨੂੰ ਚਲਾ ਰਹੇ ਹਨ ਅਤੇ ਅਕਾਲ ਤਖ਼ਤ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਗਈ ਹੈ। ਅੱਜ ਵੀ ਢਾਹ ਲਗਾਈ ਜਾ ਰਹੀ ਹੈ ਅਤੇ ਇਹ ਢਾਹ ਗੁਰਬਚਨ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਲਾ ਰਹੇ ਹਨ ਅਤੇ ਗੁਰਬਚਨ ਸਿੰਘ ਨੇ ਸਿੱਖੀ ਦਾ ਕਾਫ਼ੀ ਘਾਣ ਕੀਤਾ ਹੈ ਅਤੇ ਹੁਣ ਜਥੇਦਾਰ ਨੂੰ ਅਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ
ਕਿਸਾਨ ਵਿੰਗ ਦੇ ਆਗੂ ਤੇ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਤਖ਼ਤਾ ਦੇ ਜਥੇਦਾਰ ਬਾਦਲ ਦੇ ਥਾਣੇਦਾਰ ਹਨ ਅਤੇ ਜੋ ਬਾਦਲ ਇਨ੍ਹਾਂ ਨੂੰ ਫ਼ੈਸਲਾ ਕਰਨ ਲਈ ਕਹਿੰਦਾ ਹੈ, ਉਹੀ ਇਹ ਫ਼ੈਸਲਾ ਕਰਦੇ ਹਨ। ਉਨ੍ਹਾਂ ਕਿਹਾ ਕਿ 2-3 ਦਿਨ ਪਹਿਲਾਂ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਵਿਚ ਇਹ ਵਿਚਾਰਾਂ ਕੀਤੀਆਂ ਗਈਆਂ ਕਿ ਜਿਹੜੇ ਉਚ ਅਹੁਦਿਆਂ 'ਤੇ ਬੈਠੇ ਲੋਕ ਸਿੱਖੀ ਸਿਧਾਂਤਾਂ ਦਾ ਘਾਣ ਕਰਦੇ ਹਨ ਤੇ ਕਿਵੇਂ ਐਕਸ਼ਨ ਲਿਆ ਜਾਵੇ ਤਾਂ ਇਨ੍ਹਾਂ ਨੇ ਮੀਟਿੰਗ ਵਿਚ ਚਰਨਜੀਤ ਸਿੰਘ ਚੱਢਾ ਦਾ ਨਾਂ ਕਿਉਂ ਨਹੀਂ ਲਿਆ ਕਿਉਂਕਿ ਢੱਚਾ ਪਰਵਾਰ ਬਾਦਲ ਦਾ ਕਮਾਉ ਪੁੱਤ ਹੈ ਅਤੇ ਪੈਸੇ ਵਾਲੀ ਆਸਾਮੀ ਹੈ। ਉਸ ਨੂੰ ਉਹ ਖੋਹਣਾ ਨਹੀਂ ਚਾਹੁੰਦੇ ਅਤੇ ਸ਼੍ਰੋਮਣੀ ਕਮੇਟੀ ਉਪਰ ਆਰ.ਐਸ.ਐਸ ਦਾ ਕਬਜ਼ਾ ਹੈ।