
ਬਠਿੰਡਾ, 25 ਜਨਵਰੀ (ਸੁਖਜਿੰਦਰ ਮਾਨ) : ਮੌਜੂਦਾ ਕਾਂਗਰਸ ਸਰਕਾਰ ਵਲੋਂ ਇਸ ਸਾਲ ਇਕ ਜਨਵਰੀ ਤੋਂ ਰੋਪੜ ਥਰਮਲ ਦੇ ਦੋ ਯੂਨਿਟਾਂ ਸਹਿਤ ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਨੂੰ ਬੰਦ ਕਰਨ ਵਿਰੁਧ ਸ਼ੁਰੂ ਹੋਏ ਸੰਘਰਸ਼ ਨੇ ਹੁਣ ਧਾਰਮਕ ਰੰਗਤ ਲੈ ਲਈ ਹੈ। ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਸਰਕਾਰ ਵਿਰੁਧ ਡਟਣ ਦੇ ਸੰਕੇਤ ਦਿਤੇ ਹਨ। ਉਹ ਅੱਜ ਗੁਰੂ ਨਾਨਕ ਦੇਵ ਇੰਪਲਾਈਜ਼ ਤਾਲਮੇਲ ਕਮੇਟੀ ਵਲੋਂ ਪਿਛਲੇ ਕਈ ਦਿਨਾਂ ਤੋਂ ਇਸ ਥਰਮਲ ਨੂੰ ਬੰਦ ਕਰਨ ਵਿਰੁਧ ਸ਼ੁਰੂ ਕੀਤੇ ਸੰਘਰਸ਼ 'ਚ ਸ਼ਮੂਲੀਅਤ ਕਰ ਕੇ ਹਾਅ ਦਾ ਨਾਹਰਾ ਮਾਰਨ ਆਏ ਸਨ। ਉਨ੍ਹਾਂ ਐਲਾਨ ਕੀਤਾ ਕਿ ਉਹ ਸਿਰਫ਼ ਆਪ ਹੀ ਨਹੀਂ, ਬਲਕਿ ਦੂਜੀਆਂ ਧਾਰਮਕ ਜਥੇਬੰਦੀਆਂ ਨੂੰ ਵੀ ਸਰਕਾਰ ਦੇ ਇਸ ਫ਼ੈਸਲੇ ਵਿਰੁਧ ਡਟਣ ਦੀ ਅਪੀਲ ਕਰਨਗੇ ਤਾਕਿ ਇਸ ਪਲਾਂਟ ਨੂੰ ਬੰਦ ਹੋਣ ਤੋਂ ਬਚਿਆ ਜਾ ਸਕੇ। ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਇੰਪਲਾਈਜ਼ ਤਾਲਮੇਲ ਕਮੇਟੀ ਦੇ ਆਗੂਆਂ ਨੇ ਇਸ ਮੁੱਦੇ 'ਤੇ ਧਾਰਮਕ ਸ਼ਖ਼ਸੀਅਤਾਂ ਕੋਲ ਪਹੁੰਚ ਕਰ ਕੇ ਇਸ ਮੁੱਦੇ 'ਤੇ ਹਾਅ ਦਾ ਨਾਹਰਾ ਮਾਰਨ ਦੀ ਅਪੀਲ ਕੀਤੀ ਸੀ।
ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਤੇ ਆਗੂ ਪ੍ਰਕਾਸ਼ ਸਿੰਘ ਪਾਸ਼ਾ ਨੇ ਦਾਅਵਾ ਕੀਤਾ ਕਿ ਇਹ ਇਕੱਲਾ ਮੁਲਾਜ਼ਮਾਂ ਨਾਲ ਜੁੜਿਆ ਮੁੱਦਾ ਨਹੀਂ, ਬਲਕਿ ਪੰਜਾਬੀਆਂ ਦੀਆਂ ਸਮਾਜਕ ਤੇ ਧਾਰਮਕ ਭਾਵਨਾ ਨਾਲ ਵੀ ਜੁੜਿਆ ਹੋਇਆ ਮਸਲਾ ਹੈ। ਜ਼ਿਕਰਯੋਗ ਹੈ ਕਿ ਕਰੀਬ 50 ਸਾਲ ਪਹਿਲਾਂ ਤਤਕਾਲੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਜਨਮ ਸ਼ਤਾਬਦੀ ਨੂੰ ਸਮਰਪਤ ਇਸ ਥਰਮਲ ਪਲਾਂਟ ਦਾ ਨੀਂਹ ਪੱਥਰ ਰਖਿਆ ਗਿਆ ਸੀ ਤੇ ਦੋ ਸਾਲ ਪਹਿਲਾਂ ਹੀ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਉਪਰ 715 ਕਰੋੜ ਰੁਪਏ ਖ਼ਰਚ ਕਰ ਕੇ ਨਾ ਸਿਰਫ਼ ਇਸ ਦਾ ਨਵੀਨੀਕਰਨ ਕਰਵਾਇਆ ਗਿਆ ਸੀ, ਬਲਕਿ ਦੋ ਯੂਨਿਟਾਂ ਦੀ ਉਤਪਾਦਨ ਸਮਰੱਥਾ ਵਿਚ ਵੀ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਇਸ ਪਲਾਂਟ ਦੀ ਚੱਲਣ ਸਮਰੱਥਾ 2029 ਅਤੇ 2031 ਤਕ ਵਧ ਗਈ ਹੈ ਪਰ ਹੁਣ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ।