
ਪਟਿਆਲਾ, 20 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਹਾਈ ਕੋਰਟ ਵਲੋਂ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਤੈਅ ਕਰਨ ਦਾ ਕਾਫ਼ੀ ਹੱਦ ਤਕ ਹਾਂਪੱਖੀ ਨਤੀਜਾ ਸਾਹਮਣੇ ਆਇਆ। ਸ਼ਾਮ ਦੇ ਤਿੰਨ ਘੰਟੇ ਦਾ ਵਕਤ ਮੁਕੱਰਰ ਕਰਨ ਨਾਲ ਪਟਾਕਿਆਂ ਦੇ ਕੰਨ ਪਾੜੂ ਸ਼ੋਰ ਸ਼ਰਾਬੇ ਅਤੇ ਜ਼ਹਿਰੀਲੇ ਧੂੰਏਂ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਾਸੀਆਂ ਨੂੰ ਕਾਫ਼ੀ ਹੱਦ ਤਕ ਰਾਹਤ ਵੀ ਮਿਲੀ। ਹਾਈ ਕੋਰਟ ਦੇ ਫ਼ੈਸਲੇ ਨੇ ਜਿਥੇ ਬਹੁਤ ਸਾਰੇ ਲੋਕਾਂ ਦੀ ਜੇਬ ਢਿੱਲੀ ਹੋਣ ਤੋਂ ਬਚਾਈ, ਉਥੇ ਨਿਵੇਕਲੀ ਤੇ ਚੰਗੀ ਸ਼ੁਰੂਆਤ ਵੀ ਹੋਈ। ਲੋਕਾਂ ਦਾ ਕਹਿਣਾ ਸੀ ਕਿ ਸ਼ੁਰੂਆਤ ਚੰਗੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਸਾਰਥਕ ਨਤੀਜੇ ਵੇਖਣ ਨੂੰ ਮਿਲਣਗੇ। ਪਟਾਕਿਆਂ ਦੇ ਵਪਾਰੀਆਂ ਦੀ ਗਿਣਤੀ ਵੀ ਕਾਫ਼ੀ ਸੀਮਤ ਕਰ ਦਿਤੀ ਗਈ ਸੀ ਜਿਸ ਕਾਰਨ ਥਾਂ ਥਾਂ ਪਟਾਕਿਆਂ ਦੀਆਂ ਦੁਕਾਨਾਂ ਵੇਖਣ ਨੂੰ ਨਹੀਂ ਮਿਲੀਆਂ।
ਇਸ ਸਾਲ ਦੀ ਦੀਵਾਲੀ ਪਹਿਲੀਆਂ ਦੀਵਾਲੀਆਂ ਮੁਕਾਬਲੇ ਬਹੁਤ ਸ਼ਾਂਤ ਰਹੀ। ਪਟਾਕਿਆਂ ਦਾ ਜਿੰਨਾ ਸ਼ੋਰ-ਸ਼ਰਾਬਾ ਅਤੇ ਪ੍ਰਦੂਸ਼ਣ ਪਹਿਲਾਂ ਹੁੰਦਾ ਸੀ, ਇਸ ਵਾਰ ਓਨਾ ਨਹੀਂ ਦਿਸਿਆ। ਕਈ ਥਾਵਾਂ ਤੋਂ ਮਿਲੀਆਂ ਰੀਪੋਰਟਾਂ ਮੁਤਾਬਕ ਰਾਤ 10 ਵਜੇ ਤਕ ਆਤਿਸ਼ਾਬਾਜ਼ੀ ਕਰੀਬ ਬੰਦ ਹੋ ਗਈ ਸੀ ਜਦਕਿ ਪਹਿਲਾਂ ਰਾਤ 12-12 ਵਜੇ ਤਕ ਪਟਾਕੇ ਵਜਦੇ ਰਹਿੰਦੇ ਸਨ। 10 ਵਜੇ ਤੋਂ ਬਾਅਦ ਟਾਵੇਂ ਟਾਵੇਂ ਪਟਾਕੇ ਸੁਣਨ ਨੂੰ ਮਿਲੇ। ਕੁਲ ਮਿਲਾ ਕੇ ਇਸ ਵਾਰ ਆਵਾਜ਼ ਤੇ ਹਵਾ ਪ੍ਰਦੂਸ਼ਣ ਕਾਫ਼ੀ ਘੱਟ ਰਿਹਾ।