
ਫ਼ਿਰੋਜ਼ਪੁਰ: ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫ਼ੌਜ ਦੇ ਹਮਲੇ ਵਿਚ ਸ਼ਹੀਦ ਹੋਏ 19 ਪੰਜਾਬ ਰੈਜੀਮੈਂਟ ਦੇ ਜਵਾਨ ਜਗਸੀਰ ਸਿੰਘ ਦਾ ਉਸ ਦੇ ਜੱਦੀ ਪਿੰਡ ਲੋਹਗੜ੍ਹ ਠਾਕਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ।
ਸ਼ਹੀਦ ਦੀ ਦੇਹ ਬੀਤੇ ਦਿਨੀਂ ਫ਼ੌਜ ਵਲੋਂ ਹੈਲੀਕਾਪਟਰ ਰਾਹੀਂ ਜੰਮੂ ਤੋਂ ਫ਼ਿਰੋਜ਼ਪੁਰ ਲਿਆਂਦੀ ਗਈ ਤੇ ਅੱਜ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਜਗਸੀਰ ਸਿੰਘ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਪਿੰਡ ਲੈ ਕੇ ਗਏ, ਜਿਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਹੀਦ ਦਾ ਇੰਤਜ਼ਾਰ ਕਰ ਰਹੇ ਸਨ। ਜਿਉਂ ਹੀ ਸ਼ਹੀਦ ਜਗਸੀਰ ਸਿੰਘ ਦੀ ਦੇਹ ਪਿੰਡ ਪੁੱਜੀ ਤਾਂ ਸਮੁੱਚੇ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਸੇਜਲ ਅੱਖਾਂ ਨਾਲ ਸ਼ਹੀਦ ਜਗਸੀਰ ਸਿੰਘ ਨੂੰ ਅੰਤਮ ਵਿਦਾਇਗੀ ਦਿਤੀ ਅਤੇ ਸ਼ਹੀਦ ਜਗਸੀਰ ਸਿੰਘ ਅਮਰ ਰਹੇ ਦੇ ਨਾਹਰੇ ਲਗਾਏ।
ਇਸ ਮੌਕੇ ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ, ਫ਼ੌਜ ਤੇ ਪੁਲਿਸ ਅਧਿਕਾਰੀਆਂ, ਬੀ.ਐਸ.ਐਫ਼ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸ਼ਹੀਦ ਦੀ ਦੇਹ 'ਤੇ ਫੁੱਲਮਲਾਵਾਂ ਭੇਟ ਕੀਤੀਆਂ। ਅੰਤਮ ਸਸਕਾਰ ਮੌਕੇ ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ ਭਰਾ ਸ. ਜਸਬੀਰ ਸਿੰਘ ਵਲੋਂ ਦਿਤੀ ਗਈ।
ਇਸ ਮੌਕੇ ਡੀ.ਆਈ.ਜੀ. ਬੀ. ਐੱਸ. ਰਾਜਪਰੋਹਿਤ (ਬੀ.ਐਸ.ਐਫ਼), ਜ਼ਿਲ੍ਹਾ ਪੁਲਿਸ ਮੁਖੀ ਸ. ਭੁਪਿੰਦਰ ਸਿੰਘ ਸਿੱਧੂ, ਡਿਪਟੀ ਕਮਿਸਨਰ ਰਾਮਵੀਰ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਕਮਲ ਸ਼ਰਮਾ ਸਾਬਕਾ ਭਾਜਪਾ ਪ੍ਰਧਾਨ ਪੰਜਾਬ, ਕਾਂਗਰਸੀ ਆਗੂ ਸ. ਜਸਮੇਲ ਸਿੰਘ ਲਾਡੀ ਗਹਿਰੀ, ਸ. ਹਰਜੀਤ ਸਿੰਘ ਸੰਧੂ ਐਸ.ਡੀ.ਐਮ, ਸ. ਮਨਜੀਤ ਸਿੰਘ ਤਹਿਸੀਲਦਾਰ, ਡਿਪਟੀ ਡਾਇਰੈਕਟਰ ਸੈਨਿਕ ਵੈਲਫ਼ੇਅਰ ਬੋਰਡ ਲੈਫ਼ਟੀਨੈਂਟ ਕਰਨਲ (ਰਿਟਾ) ਅਮਰਬੀਰ ਸਿੰਘ ਚਹਿਲ, ਲੈਫ਼ਟੀਨੈਂਟ ਵਿਨੋਦ ਕੁਮਾਰ, ਸੂਬੇਦਾਰ ਸਵਰਨ ਸਿੰਘ, ਸੀ.ਐਚ.ਐਮ. ਮਨਮੋਹਨ ਕੁਮਾਰ, ਦਵਿੰਦਰ ਬਜਾਜ ਸਮੇਤ ਵੱਡੀ ਗਿਣਤੀ ਵਿਚ ਫ਼ੌਜ, ਬੀ.ਐਸ.ਐਫ਼, ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ, ਰਾਜਸੀ, ਧਾਰਮਕ ਆਗੂਆਂ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।