
ਚੰਡੀਗੜ੍ਹ, 10 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਜੇ ਸਿੱਖ ਫ਼ੌਜ ਨਾਲ ਉਸ ਦੇ ਹੀ ਜਰਨੈਲ ਗ਼ਦਾਰੀ ਨਾ ਕਰਦੇ ਤਾਂ ਗੋਰੇ ਭਾਰਤ 'ਤੇ ਏਨਾ ਲੰਮਾ ਅਤੇ ਆਜ਼ਾਦਾਨਾ ਰਾਜ ਨਾ ਕਰ ਸਕਦੇ ਹੁੰਦੇ ਅਤੇ ਨਾ ਹੀ ਪਾਕਿਤਸਾਨ ਦਾ ਜਨਮ ਹੋਣਾ ਸੀ। ਇਹ ਗੱਲ ਬਰਤਾਨਵੀ ਇਤਿਹਾਸਕਾਰ ਅਮਰ ਪਾਲ ਸਿੰਘ ਸਿੱਧੂ ਨੇ ਕਲ ਇਥੇ ਫ਼ੌਜੀ ਸਾਹਿਤ ਮੇਲੇ ਦੌਰਾਨ ਕਹੀ। ਮੇਲੇ ਦੇ ਦੂਜੇ ਦਿਨ ਵਿਚਾਰ-ਚਰਚਾ ਦਾ ਵਿਸ਼ਾ ਸੀ ਐਂਗਲੋ-ਸਿੱਖ ਜੰਗਾਂ, ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸ਼ੁਰੂ ਹੋਈਆਂ। ਅਮਰ ਪਾਲ ਸਿੰਘ ਸਿੱਧੂ ਨੇ ਐਂਗਲੋ-ਸਿੱਖ ਜੰਗਾਂ ਦੇ ਵਿਸ਼ੇ 'ਤੇ ਦੋ ਕਿਤਾਬਾਂ ਲਿਖੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇ ਸਿੱਖਾਂ ਨੇ ਬਰਾਬਰ ਦੇ ਟਾਕਰੇ ਦੀਆਂ ਇਹ ਜੰਗਾਂ ਜਿੱਤ ਲਈਆਂ ਹੁੰਦੀਆਂ ਤਾਂ ਬਰਤਾਨੀਆ 1857 ਵਾਲੀ ਆਜ਼ਾਦੀ ਦੀ ਪਹਿਲੀ ਜੰਗ ਹਾਰ ਗਿਆ ਹੁੰਦਾ। ਉਨ੍ਹਾਂ ਕਿਹਾ, ''ਗੋਰੇ ਸਿਰਫ਼ ਇਸ ਕਾਰਨ ਜਿੱਤ ਗਏ ਕਿਉਂਕਿ ਉਨ੍ਹਾਂ ਨੇ ਖਿੰਡੀ ਹੋਈ ਸਿੱਖ ਫ਼ੌਜ ਵਿਚੋਂ ਭਾਰੀ ਗਿਣਤੀ ਵਿਚ ਸਿਪਾਹੀ ਭਰਤੀ ਕਰ ਲਏ ਸਨ।'' ਪਿੱਠ ਵਿਚ ਛੁਰਾਸਿੱਖ ਫ਼ੌਜ ਦੀ ਹਾਰ ਲਈ ਜ਼ਿੰਮੇਵਾਰ ਗ਼ਦਾਰੀ ਜਿਹੇ ਕੁੱਝ ਕਾਰਿਆਂ ਦਾ ਜ਼ਿਕਰ ਕਰਦਿਆਂ ਰਾਏ ਨੇ ਕਿਹਾ ਕਿ ਸਿੱਖ ਫ਼ੌਜ ਸਭਰਾਉਂ ਦੀ ਲੜਾਈ ਇਸ ਕਰ ਕੇ ਹਾਰ ਗਈ ਕਿਉਂਕਿ ਜਨਰਲ ਤੇਜ ਸਿੰਘ ਸਤਲੁਜ ਦੇ ਦੋਵੇਂ ਕੰਢਿਆਂ ਨੂੰ ਜੋੜਨ ਵਾਲਾ ਪੌਂਟੂਨ ਪੁਲ ਖ਼ੁਦ ਪਾਰ ਗਿਆ ਅਤੇ ਬਾਅਦ ਵਿਚ ਪੁਲ ਨਸ਼ਟ ਕਰਨ ਦਾ ਹੁਕਮ ਦੇ ਦਿਤਾ। ਸਿੱਖ ਫ਼ਿਰੋਜ਼ ਸ਼ਾਹ ਵਾਲੀ ਲੜਾਈ ਵੀ ਗ਼ਦਾਰੀ ਕਾਰਨ ਹਾਰ ਗਏ। ਮਨਦੀਪ ਸਿੰਘ ਰਾਏ ਨੇ ਕਿਹਾ ਕਿ ਜਨਰਲ ਹੈਨਰੀ ਹਾਰਡਿੰਗ ਨੇ ਅਪਣੀ ਸਹਾਇਕ ਕੋਰ ਨੂੰ ਉਸ ਦੀ ਤਲਵਾਰ ਲਿਆਉਣ ਲਈ ਕਿਹਾ ਸੀ ਤਾਕਿ ਉਹ ਲੜਾਈ ਮਗਰੋਂ ਆਤਮਸਮਰਪਣ ਕਰ ਸਕੇ ਪਰ ਜਨਰਲ ਲਾਲ ਸਿੰਘ ਦੀਆਂ ਚਾਲਾਂ ਕਾਰਨ ਅਗਲੇ ਹੀ ਦਿਨ ਲੜਾਈ ਨੇ ਵਖਰਾ ਮੋੜ ਲੈ ਲਿਆ।
ਸਿੱਧੂ ਨੇ ਕਿਹਾ, 'ਐਂਗਲੋ-ਅਫ਼ਗਾਨ ਜੰਗਾਂ ਹੋਣੀਆਂ ਹੀ ਨਹੀਂ ਸਨ ਜੇ ਪੰਜਾਬ ਮਜ਼ਬੂਤ ਬਫ਼ਰ (ਮੱਧਵਰਤੀ ਰਾਜ) ਹੁੰਦਾ ਅਤੇ ਪਾਕਿਸਤਾਨ ਦਾ ਜਨਮ ਹੀ ਨਹੀਂ ਹੋਣਾ ਸੀ ਕਿਉਂਕਿ ਪੰਜਾਬ ਧਰਮਨਿਰਪੱਖ ਆਜ਼ਾਦ ਰਾਜ ਹੋਣਾ ਸੀ। ਡਾਲਰਿੰਪਲ ਨੇ ਕਿਹਾ ਕਿ ਐਂਗਲੋ-ਸਿੱਖ ਜੰਗਾਂ ਬਾਰੇ ਕੋਈ ਵੀ ਅੰਤਮ ਰਾਏ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਲਾਹੌਰ ਦਰਬਾਰ ਬਾਰੇ ਧੁੰਦਲਕਾ ਇਸ ਲਈ ਬਣਿਆ ਹੋਇਆ ਹੈ ਕਿਉਂਕਿ ਇਤਿਹਾਸਕ ਦਸਤਾਵੇਜ਼ਾਂ ਤਕ ਪਹੁੰਚਣਾ ਸੌਖਾ ਨਹੀਂ। ਇਹ ਸਾਰੇ ਇਤਿਹਾਸਕ ਜਾਂ ਪੁਰਾਣੇ ਦਸਤਾਵੇਜ਼ ਸੈਂਟਰਲ ਪੰਜਾਬ ਸਕੱਤਰੇਤ ਦੇ ਅਹਾਤੇ ਵਿਚ ਹਨ ਤੇ ਇਸ ਦੇ ਗੇਟ ਤਕ ਹੀ ਅਪੜਨਾ ਮੁਸ਼ਕਲ ਹੈ, ਦਸਤਾਵੇਜ਼ਾਂ ਤਕ ਅਪੜਨਾ ਤਾਂ ਇਕ ਪਾਸੇ ਰਿਹਾ।
ਪੰਜਾਬ ਯੂਨੀਵਰਸਟੀ ਦੀ ਇਤਿਹਾਸ ਦੀ ਪ੍ਰੋਫ਼ੈਸਰ ਸੁਖਮਨੀ ਬਲ ਰਿਆੜ ਨੇ ਕਿਹਾ ਕਿ ਇਸ ਦੇ ਬਾਵਜੂਦ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਦੇ ਇਸ ਅਧਿਆਏ ਬਾਰੇ ਲਿਖਣਾ ਨਹੀਂ ਛਡਿਆ। ਉਨ੍ਹਾਂ ਕਈ ਵਿਦਵਾਨਾਂ ਦੇ ਨਾਮ ਗਿਣਾਏ ਜਿਨ੍ਹਾਂ ਨੇ ਇਸ ਵਿਸ਼ੇ 'ਤੇ ਲਿਖਿਆ ਹੈ।