
ਭਵਾਨੀਗੜ੍ਹ, 3 ਜਨਵਰੀ (ਗੁਰਦਰਸ਼ਨ ਸਿੰਘ ਸਿੱਧੂ) : ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਦਾਅਵਾ ਕੀਤਾ ਕਿ ਵਿੱਤੀ ਸੰਕਟ ਦੇ ਬਾਵਜੂਦ ਕੈਪਟਨ ਸਰਕਾਰ ਦਾ ਪਹਿਲਾ ਵਰ੍ਹਾ ਅੱਜ ਤਕ ਦੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਸਫ਼ਲ ਰਿਹਾ ਹੈ। ਉਹ ਅੱਜ ਇਥੋਂ ਨੇੜਲੇ ਪਿੰਡ ਸੰਘਰੇੜੀ ਦੇ ਕਾਂਗਰਸੀ ਆਗੂ ਰਜਿੰਦਰ ਸਿੰਘ ਸੰਘਰੇੜੀ ਦੇ ਗ੍ਰਹਿ ਵਿਖੇ ਇਕ ਖ਼ੁਸ਼ੀ ਦੇ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ।ਬੀਬੀ ਭੱਠਲ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਪੰਜ ਸਾਲ ਲਈ ਚੁਣਿਆ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪਹਿਲੇ ਸਾਲ ਵਿਚ ਹੀ ਢਾਈ ਏਕੜ ਤਕ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਕੇ ਲਾਗੂ ਕਰਨ ਦੀ ਸ਼ੁਰੂਆਤ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ ਕਰਨ ਸਬੰਧੀ ਸਰਕਾਰ ਦਾ ਇਹ ਪਹਿਲਾ ਕਦਮ ਹੈ, ਇਸ ਤੋਂ ਬਾਅਦ ਸੱਤ ਏਕੜ ਦੇ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਮਨ ਕਨੂੰਨ ਦੀ ਸਥਿਤੀ ਵਿਚ ਸੁਧਾਰ ਲਿਆਉਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਸੂਬੇ ਅੰਦਰ ਇੰਡਸਟਰੀ ਲਿਆਉਣ ਲਈ ਕਈ ਅਹਿਮ ਕਦਮ ਉਠਾਏ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਦਸ ਸਾਲਾਂ ਅੰਦਰ ਪੰਜਾਬ ਦੀ ਆਰਥਿਕ ਤੌਰ 'ਤੇ ਬਰਬਾਦੀ ਕਰ ਦਿੱਤੀ ਸੀ ਅਤੇ ਹੁਣ ਕੈਪਟਨ ਸਰਕਾਰ ਪੰਜਾਬ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੜ ਲੀਹ ਉਤੇ ਚਾੜ੍ਹਨ ਗੰਭੀਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਦੇ ਕੰਮ ਵਿਚ ਰਾਜਨੀਤਕ ਦਖਲ ਅੰਦਾਜੀ ਬੰਦ ਕਰਕੇ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਇਨਸਾਫ਼ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਵਧੀਆ ਨਤੀਜੇ ਆ ਰਹੇ ਹਨ। ਇਸ ਫੈਸਲੇ ਨਾਲ ਲੋਕਤੰਤਰ ਮਜਬੂਤ ਹੋਵੇਗਾ। ਇਸ ਮੌਕੇ ਰਜਿੰਦਰ ਸਿੰਘ ਸੰਘਰੇੜੀ, ਬੀਰ ਦਵਿੰਦਰ ਸਿੰਘ ਗੁੱਡੂ, ਅਜੈਬ ਸਿੰਘ ਰਟੋਲ ਹਲਕਾ ਇੰਚਾਰਜ ਦਿੜ੍ਹਬਾ, ਬੀਬੀ ਦਾਮਨ ਬਾਜਵਾ ਹਲਕਾ ਇੰਚਾਰਜ ਸੁਨਾਮ, ਤੇਜਵੀਰ ਸਿੰਘ ਸਿਬੀਆ, ਕਰਨਵੀਰ ਸਿੰਘ ਸਿਬੀਆ, ਬਲਵਿੰਦਰ ਕੌਰ ਭੱਠਲ ਸਾਬਕਾ ਚੇਅਰਮੈਨ, ਸੁਭਾਸ਼ ਗਰੋਵਰ, ਸੱਤਪਾਲ ਖਨੌਰੀ, ਨਿਰਪਜੀਤ ਸਿੰਘ ਘੁੰਮਣ, ਬਲਜੀਤ ਸਿੰਘ ਬੱਲੀ, ਮਾਲਕ ਸਿੰਘ ਮਲਕੀ, ਹੰਸ ਰਾਜ ਗੁਪਤਾ ਅਤੇ ਅਵਤਾਰ ਸਿੰਘ ਔਲਖ ਵੀ ਹਾਜ਼ਰ ਸਨ।