
ਚੰਡੀਗੜ੍ਹ, 12 ਨਵੰਬਰ (ਨੀਲ ਭਲਿੰਦਰ
ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ
ਸੂਬੇ ਵਿਚ ਮਿੱਥ ਕੇ ਹਤਿਆਵਾਂ ਕਰਨ ਵਾਲਿਆਂ ਵਿਚ ਸ਼ਾਮਲ ਅਪਰਾਧੀਆਂ ਸਣੇ ਬਹੁਤ ਸਾਰੇ
ਅਤਿਵਾਦੀ ਗਰੋਹਾਂ ਤੇ ਅਪਰਾਧੀ ਗਰੋਹਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ
ਵੱਖ-ਵੱਖ ਰੈਂਕਾਂ ਦੇ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਵਜੋਂ ਸਨਿਚਰਵਾਰ ਨੂੰ ਅਪਣੇ ਨਿਵਾਸ
ਸਥਾਨ 'ਤੇ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ।
ਮੁੱਖ ਮੰਤਰੀ ਵਲੋਂ ਦਿਤੇ ਇਸ ਰਾਤ ਦੇ
ਖਾਣੇ ਵਿਚ 80 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਵਿਅਕਤੀ ਸ਼ਾਮਲ ਹੋਏ। ਮੁੱਖ ਮੰੰਤਰੀ ਨੇ
ਹਾਲ ਹੀ ਵਿਚ ਕੁੱਝ ਸਖ਼ਤ ਕੇਸਾਂ ਸਣੇ ਵੱਖ-ਵੱਖ ਕੇਸਾਂ ਵਿਚ ਸਫ਼ਲਤਾ ਹਾਸਲ ਕਰਨ ਲਈ ਹਰ ਇਕ
ਦਾ ਨਿਜੀ ਤੌਰ 'ਤੇ ਧਨਵਾਦ ਕੀਤਾ। ਇਨ੍ਹਾਂ ਕੇਸਾਂ ਵਿਚ ਸੱਭ ਤੋਂ ਅਹਿਮ ਆਰ ਐਸ.ਐਸ. ਸਿਵ
ਸੈਨਾ ਤੇ ਡੇਰਾ ਸੱਚਾ ਸੌਦਾ ਦੇ ਛੇ ਮਾਲਿਆਂ ਵਿਚ ਸੱਤ ਵਿਅਕਤੀਆਂ ਦੀ ਹਤਿਆ ਨਾਲ ਸਬੰਧਿਤ
ਮਾਮਲੇ ਸ਼ਾਮਲ ਸਨ।
ਮੁੱਖ ਮੰਤਰੀ ਨੇ ਇਨ੍ਹਾਂ ਮੁਲਾਜ਼ਮਾਂ ਦੇ ਮਿਸਾਲੀ ਹੌਂਸਲ, ਦ੍ਰਿੜਤਾ
ਅਤੇ ਸਖ਼ਤ ਜੱਦੋ-ਜਹਿਦ ਦੀ ਪ੍ਰਸ਼ੰਸਾ ਕੀਤੀ ਜਿਸ ਦੀ ਬਦੌਲਤ ਇਨ੍ਹਾਂ ਅਤਿਵਾਦੀ ਗਰੋਹਾਂ ਦਾ
ਖ਼ਾਤਮਾ ਹੋਇਆ ਹੈ ਅਤੇ ਸੂਬੇ ਨੂੰ ਅਸਥਿਰ ਕਰਨ ਲਈ ਲੱਗੇ ਹੋਏ ਅਨੇਕਾਂ ਗੈਂਗਸਟਰਾਂ ਦੀ
ਗ੍ਰਿਫਤਾਰੀ ਹੋਈ ਹੈ।
ਇਸ ਮੌਕੇ ਇਨ੍ਹਾਂ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ
ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਰਾਜਕਤਾ ਤੋਂ ਬਚਾਉਣ ਅਤੇ ਪੁਲਿਸ ਦਾ ਮਾਣ
ਵਧਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਜੇ ਪੁਲਿਸ ਮੁਲਾਜ਼ਮ ਅਜਿਹਾ ਨਾ ਕਰਦੇ ਤਾਂ ਇਹ
ਲੋਕ ਹੋ ਗੜਬੜ ਪੈਦਾ ਕਰ ਸਕਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪੁਲਿਸ
ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸਰਕਾਰ ਵਲੋਂ ਗਰਮ ਖਿਆਲੀਆਂ ਤੇ ਅਪਰਾਧੀਆਂ ਵਿਰੁਧ ਤਿੱਖੀ
ਕਾਰਵਾਈ ਕਰਨ ਲਈ ਖੁਲ੍ਹੀ ਛੁੱਟੀ ਦਿਤੀ ਸੀ ਉਨ੍ਹਾਂ ਨੇ ਬਚਨਵੱਧਤਾ ਤੇ ਸੰਜੀਦਗੀ ਦੇ ਨਾਲ
ਅਪਣੇ ਕੰਮ ਨੂੰ ਨੇਪਰੇ ਚੜ੍ਹਾਇਆ। ਮੁੱਖ ਮੰਤਰੀ ਨੇ ਗ੍ਰਹਿ ਸਕੱਤਰ ਤੇ ਡੀ.ਜੀ.ਪੀ. ਨੂੰ
ਨਿਰਦੇਸ਼ ਦਿਤੇ ਕਿ ਉਹ ਅਤਿਵਾਦੀ ਗਰੋਹਾਂ ਅਤੇ ਗੈਂਗਸਟਰਾਂ ਦੇ ਖ਼ਾਤਮੇ 'ਚ ਸ਼ਾਮਲ ਇਨ੍ਹਾਂ
ਮੁਲਾਜ਼ਮਾਂ ਨੂੰ ਅਵਾਰਡ ਤੇ ਇਨਾਮ ਦੇਣ ਲਈ ਕੋਈ ਸਕੀਮ ਤਿਆਰ ਕਰਨ। ਉਨ੍ਹਾਂ ਨੇ ਇਸ ਸਬੰਧ
ਵਿਚ ਵਿਸਤ੍ਰਤ ਪ੍ਰਸਤਾਵ ਉਨ੍ਹਾਂ ਦੀ ਪ੍ਰਵਾਨਗੀ ਲਈ ਪੇਸ਼ ਕਰਨ ਵਾਸਤੇ ਆਖਿਆ।
ਮੁੱਖ
ਮੰਤਰੀ ਨੇ ਸੂਬੇ ਦੇ ਲੋਕਾਂ ਲਈ ਵਿਲੱਖਣ ਭਾਈਚਾਰਕ ਸੇਵਾਵਾਂ ਮੁਹਈਆ ਕਰਵਾਉਣ ਵਿਚ ਅਹਿਮ
ਯੋਗਦਾਨ ਪਾਉਣ ਵਾਲੇ ਜਾਂ ਪੜਤਾਲ ਦੇ ਰਾਹੀਂ ਫ਼ੌਜਦਾਰੀ ਕੇਸਾਂ ਨੂੰ ਹੱਲ ਕਰਨ ਵਿਚ ਵਧੀਆ
ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਣ ਕਰਨ ਲਈ ਉਨ੍ਹਾਂ ਦੀ ਚੋਣ ਵਾਸਤੇ
ਕੋਈ ਪ੍ਰਣਾਲੀ ਸਥਾਪਤ ਕਰਨ ਲਈ ਵੀ ਡੀ.ਜੀ.ਪੀ. ਨੂੰ ਹਦਾਇਤਾਂ ਦਿਤੀਆਂ।
ਕੈਪਟਨ
ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੁਲਿਸ ਮੁਲਾਜ਼ਮਾਂ ਦੀ ਭਲਾਈ ਲਈ ਬਚਨਵੱਧ
ਹੈ। ਉਨ੍ਹਾਂ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਨੂੰ ਸੰਕਟ ਵਿਚੋਂ ਕੱਢਣ ਲਈ
ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਹਨ ਅਤੇ ਕੁੱਝ ਹੋਰ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਡੀ.ਜੀ.ਪੀ. ਸੁਰੇਸ਼ ਅਰੋੜਾ ਤੋਂ ਇਲਾਵਾ ਡੀ.ਜੀ.ਪੀ. (ਇੰਟੈਲੀਜੈਂਸ)
ਦਿਨਕਰ
ਗੁਪਤਾ, ਡੀ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ, ਆਈ ਜੀ.ਪੀ. (ਐਫ਼.ਆਈ.ਯੂ.),
ਆਈ ਜੀ.ਪੀ. (ਸੀ.ਆਈ.) ਅਤੇ ਆਈ ਜੀ.ਪੀ. (ਓ.ਸੀ.ਸੀ.ਯੂ.) ਡੀ. ਆਈ. ਜੀ. (ਸੀ.ਆਈ.),
ਅੱਠ ਏ.ਆਈ.ਜੀ., ਮੋਗਾ, ਖੰਨਾ, ਬਟਾਲਾ ਤੇ ਨਵਾਂ ਸ਼ਹਿਰ ਦੇ ਐਸ.ਐਸ.ਪੀ., 20 ਇੰਸਪੈਕਟਰ,
ਬੱਸੀ ਪਠਾਣਾ ਤੇ ਬਾਘਾਪੁਰਾਣਾ ਦੇ ਐਸ.ਐਚ.ਓ., 17 ਹੈਡ ਕਾਂਸਟੇਬਲ, 13 ਕਾਂਸਟੇਬਲ ਅਤੇ 2
ਹੋਮ ਗਾਰਡ ਰਾਤ ਦੇ ਭੋਜਨ ਵਿਜ ਹਾਜ਼ਰ ਸਨ।
ਰਾਤ ਦੇ ਖਾਣੇ ਦੇ ਮੌਕੇ ਸੱਭ ਤੋਂ ਵੱਧ
ਖਿੱਚ ਮਿੱਥ ਕੇ ਹਤਿਆਵਾਂ ਕਰਨ ਵਾਲੇ ਪੰਜ ਅਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਸੀ।
ਇਹ ਸ਼ੱਕੀ ਪਾਕਿਸਤਾਨ ਦੀ ਆਈ.ਐਸ.ਆਈ. ਵਲੋਂ ਰਚੀ ਇਕ ਵੱਡੀ ਸਾਜ਼ਸ਼ ਦਾ ਹਿੱਸਾ ਸਨ।
ਟੀਮ
'ਚ ਡੀ.ਜੀ.ਪੀ. ਦਿਨਕਰ ਗੁਪਤਾ, ਆਈ.ਜੀ. ਅੰਮ੍ਰਿਤ ਪ੍ਰਸ਼ਾਦ, ਡੀ.ਆਈ.ਜੀ. ਰਣਬੀਰ ਖੱਟੜਾ,
ਐਸ.ਐਸ.ਪੀ. ਮੋਗਾ ਰਣਜੀਤ ਸਿੰਘ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਘੁੰਮਣ, ਐਸ.ਐਸ.ਪੀ.
ਖੰਨਾ ਨਵਜੋਤ ਮਾਹਲ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਾਜ਼ੀਰ ਸਿੰਘ, ਡੀ.ਐਸ.ਪੀ. ਸੁਲੱਖਣ
ਸਿੰਘ ਅਤੇ ਸਰਬਜੀਤ ਸਿੰਘ ਅਤੇ ਇੰਸਪੈਕਟਰ ਸੀ.ਆਈ.ਏ. ਮੋਗਾ ਤੇ ਖੰਨਾ ਕਿੱਕਰ ਸਿੰਘ ਤੇ
ਅਜੀਤ ਪਾਲ ਸਿੰਘ ਸਨ।