
ਫ਼ਰੀਦਕੋਟ,
11 ਸਤੰਬਰ (ਬੀ.ਐੱਸ.ਢਿੱਲੋਂ): ਫ਼ਰੀਦਕੋਟ ਦੇ ਨੇੜਲੇ ਪਿੰਡ ਸੁੱਖਣਵਾਲਾ ਦੇ ਖੇਤਾਂ ਦੇ
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਰੀਬ 500 ਏਕੜ ਝੋਨਾ ਪਾਣੀ ਦੀ ਮਾਰ ਹੇਠ ਆ ਗਿਆ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਛਾਉਣੀ, ਨਵਾਂ ਕਿਲਾ ਅਤੇ ਪਿੰਡ ਚੇਤ ਸਿੰਘ ਵਾਲਾ ਦੇ
ਮੀਂਹ ਦੇ ਪਾਣੀ ਦੀ ਨਿਕਾਸੀ ਪਿੰਡ ਸੁੱਖਣਵਾਲਾ ਵੱਲ ਹੁੰਦੀ ਹੈ ਪਰ ਕੁਝ ਵਿਅਕਤੀਆਂ ਵਲੋਂ
ਕਥਿਤ ਤੌਰ 'ਤੇ ਨਿਕਾਸੀ ਵਾਲੀ ਜਗਾ ਉੱਪਰ ਬੰਨ੍ਹ ਲਗਾ ਦਿਤਾ ਗਿਆ ਹੈ, ਜਿਸ ਕਰ ਕੇ ਮੀਂਹ
ਦਾ ਪਾਣੀ ਅੱਗੇ ਜਾਣੋਂ ਰੁਕ ਗਿਆ ਹੈ ਤੇ ਇਹ ਪਾਣੀ ਪਿੰਡ ਸੁਖਣਵਾਲਾ ਦੇ ਖੇਤਾਂ ਵਿਚ
ਜਮ੍ਹਾ ਹੋ ਗਿਆ ਹੈ।
ਪਿੰਡ ਸੁੱਖਣਵਾਲਾ ਦੇ ਵਸਨੀਕ ਬਲਦੇਵ ਸਿੰਘ, ਮਨਦੀਪ ਸਿੰਘ,
ਜਗਦੀਪ ਸਿੰਘ, ਜਸ਼ਨਦੀਪ ਸਿੰਘ, ਬਲਦੇਵ ਸਿੰਘ, ਕਿੱਕਰ ਸਿੰਘ ਅਤੇ ਭੁਪਿੰਦਰ ਸਿੰਘ ਨੇ
ਡਿਪਟੀ ਕਮਿਸ਼ਨਰ ਨੂੰ ਅਰਜੀ ਦੇ ਕੇ ਇਸ ਮਾਮਲੇ ਵਿਚ ਤੁਰਤ ਕਾਰਵਾਈ ਕਰਨ ਦੀ ਬੇਨਤੀ ਕੀਤੀ
ਹੈ। ਫ਼ਰੀਦਕੋਟ ਦੇ ਕਾਰਜਕਾਰੀ ਮੈਜਿਸਟ੍ਰੇਟ ਹਰਕੀਰਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੀ
ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਨੇ ਪਿੰਡ ਸੁੱਖਣਵਾਲਾ ਦਾ ਦੌਰਾ ਕੀਤਾ ਸੀ ਤੇ ਉਸ ਦੇ
ਨਾਲ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਵੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੰਡੀ
ਬੋਰਡ ਨੂੰ ਸੜਕ ਤੋੜ ਕੇ ਖੇਤਾਂ 'ਚੋਂ ਪਾਣੀ ਕੱਢਣ ਦੀ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ
ਮੰਡੀ ਬੋਰਡ ਨੇ ਤੀਜੇ ਦਿਨ ਵੀ ਪਾਣੀ ਦਾ ਨਿਕਾਸ ਕਰਵਾਉਣ ਲਈ ਕੋਈ ਲੋੜੀਂਦੀ ਕਾਰਵਾਈ
ਨਹੀਂ ਕੀਤੀ। ਐਸ.ਡੀ.ਐਮ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਸਦਰ
ਪੁਲਿਸ ਨੂੰ ਤੁਰਤ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ
ਕਿ ਕੁਝ ਵਿਅਕਤੀ ਅਪਣੇ ਸਿਆਸੀ ਰਸੂਖ਼ ਨਾਲ ਖੇਤਾਂ ਦਾ ਪਾਣੀ ਅੱਗੇ ਨਹੀਂ ਜਾਣ ਦੇ ਰਹੇ
ਅਤੇ ਪ੍ਰਸ਼ਾਸਨ ਪੀੜਤ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਪੀੜਤ ਕਿਸਾਨਾਂ ਨੇ ਦੇਰ
ਸ਼ਾਮ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਮਾਮਲੇ ਵਿਚ ਲਿਖਤੀ ਸ਼ਿਕਾਇਤ ਭੇਜ ਕੇ ਤੁਰਤ
ਰਾਹਤ ਕਾਰਜ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਮੀਂਹ ਦੇ
ਪਾਣੀ ਦੀ ਖੇਤਾਂ ਵਿਚੋਂ ਕੁਦਰਤੀ ਤੌਰ 'ਤੇ ਨਿਕਾਸੀ ਸੰਭਵ ਹੈ ਪਰ ਕੁਝ ਸਿਆਸੀ ਪ੍ਰਭਾਵ
ਵਾਲੇ ਆਗੂਆਂ ਨੇ ਗ਼ੈਰ ਕੁਦਰਤੀ ਤਰੀਕੇ ਨਾਲ ਬੰਨ੍ਹ ਮਾਰ ਦਿਤੇ ਹਨ, ਜਿਸ ਕਰ ਕੇ 500 ਏਕੜ
ਰਕਬਾ ਮੀਂਹ ਦੀ ਮਾਰ ਹੇਠ ਆ ਗਿਆ ਹੈ ਤੇ ਜੇਕਰ ਤੁਰਤ ਪਾਣੀ ਦੀ ਨਿਕਾਸੀ ਨਾ ਕੀਤੀ ਗਈ ਤਾਂ
ਪ੍ਰਭਾਵਤ ਸਾਰੀ ਫ਼ਸਲ ਖ਼ਰਾਬ ਹੋ ਜਾਵੇਗੀ।