
ਪੰਜਾਬ ਦੇ ਕਈ ਹਿੱਸਿਆਂ 'ਚ ਪਏ ਗੜੇ
ਬਲਾਚੌਰ/ਕਾਠਗੜ੍ਹ, 24 ਫ਼ਰਵਰੀ (ਜਤਿੰਦਰਪਾਲ ਸਿੰਘ ਕਲੇਰ): ਸਨਿਚਰਵਾਰ ਨੂੰ ਸਵੇਰ ਸਾਰ ਪਏ ਮੀਂਹ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਹਾਲਾਂਕਿ ਕੁੱਝ ਦਿਨਾਂ ਤੋਂ ਗਰਮੀ ਨੇ ਦਸਤਕ ਦੇਣੀ ਸ਼ੁਰੂ ਕਰ ਦਿਤੀ ਸੀ ਪਰ ਅਚਾਨਕ ਪਏ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿਤਾ। ਪਹਿਲਾਂ ਲਗਦਾ ਸੀ ਕਿ ਠੰਢ ਖ਼ਤਮ ਹੋ ਗਈ। ਪਰ ਅੱਜ ਅਚਾਲਕ ਮੌਸਮ ਵਿਚ ਆਏ ਬਦਲਾਅ ਕਾਰਨ ਤਾਪਮਾਨ ਵਿਚ ਕੁੱਝ ਗਿਰਾਵਟ ਦਰਜ ਕੀਤੀ ਗਈ। ਸ਼ੁਕਰਵਾਰ ਨੂੰ ਤਾਪਮਾਨ 21 ਡਿਗਰੀ ਸੀ ਜੋ ਡਿੱਗ ਕੇ 18 ਡਿਗਰੀ ਤਕ ਪਹੁੰਚ ਗਿਆ। ਇਸ ਤੋਂ ਪਹਿਲਾਂ ਸ਼ੁਕਰਵਾਰ ਦੀ ਪੂਰੀ ਰਾਤ ਤੇਜ਼ ਹਵਾਵਾਂ ਚਲਦੀਆਂ ਰਹੀਆਂ ਤੇ ਪੰਜਾਬ ਦੇ ਕੁੱਝ ਥਾਵਾਂ ਤੋਂ ਰਾਤ ਨੂੰ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ। ਸਨਿਚਰਵਾਰ ਦੀ ਸਵੇਰ ਲੋਕਾਂ ਦਾ ਸਵਾਗਤ ਕਾਲੇ ਤੇ ਸੰਘਣੇ ਬੱਦਲਾਂ ਨਾਲ ਹੋਇਆ। ਪੰਜਾਬ ਦੇ ਕਈ ਹਿੱਸਿਆਂ 'ਚੋਂ ਗੜੇ ਪੈਣ ਦੀਆਂ ਵੀ ਖ਼ਬਰਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਲਗਭਗ ਦੁਪਹਿਰ ਤਕ ਕਾਲੇ ਬੱਦਲ ਛਾਏ ਰਹੇ ਅਤੇ ਰੁਕ -ਰੁਕ ਕੇ ਮੀਂਹ ਪੈਂਦਾ ਰਿਹਾ।
ਮੀਂਹ ਨਾਲ ਜਿਥੇ ਹਵਾ ਵਿਚ ਪਦੂਸ਼ਣ ਘੱਟ ਹੋਇਆ ਹੈ ਉਥੇ ਹੀ ਕਣਕ ਦੀ ਫ਼ਸਲ ਦੇ ਲਈ ਸੋਨੇ 'ਤੇ ਸੁਹਾਗਾ ਸਾਬਤ ਹੋਵੇਗਾ ਕਿਉਂਕਿ ਕੁੱਝ ਦਿਨ ਪਹਿਲਾਂ ਮੌਸਮ ਵਿਚ ਗਰਮਾਹਟ ਵਧ ਗਈ ਸੀ। ਉਸ ਨਾਲ ਕਣਕ ਦੀ ਫ਼ਸਲ ਬਰਬਾਦ ਹੋਣ ਦਾ ਡਰ ਸੀ ਹੁਣ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ 'ਤੇ ਖ਼ੁਸ਼ਹਾਲੀ ਆ ਗਈ ਹੈ।ਪੰਜਾਬ ਭਰ ਵਿਚ ਪਿਆ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਸਾਬਤ ਹੋਵੇਗਾ। ਇਸ ਨਾਲ ਕਣਕ ਦਾ ਝਾੜ ਜ਼ਿਆਦਾ ਹੋਵੇਗਾ ਅਤੇ ਕੁਆਲਟੀ ਵੀ ਵਧੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਲਈ ਅਜੇ ਠੰਢ ਦਾ ਹੋਣਾ ਬੇਹੱਦ ਜ਼ਰੂਰੀ ਸੀ। ਜੇਕਰ ਗਰਮੀ ਰਹਿੰਦੀ ਤਾਂ ਕਣਕ ਦੀ ਫ਼ਸਲ ਖ਼ਰਾਬ ਹੋ ਜਾਂਦੀ।ਪੰਜਾਬ ਦੇ ਕਈ ਇਲਾਕਿਆਂ ਵਿਚ ਸ਼ਾਮ ਸਮੇਂ ਵੀ ਮੀਂਹ ਅਤੇ ਗੜ੍ਹੇਮਾਰੀ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ।