
ਚੰਡੀਗੜ੍ਹ, 10 ਨਵੰਬਰ (ਜੀ.ਸੀ. ਭਾਰਦਵਾਜ) : ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਰਸਮੀ ਤੌਰ 'ਤੇ ਦੇਸ਼ ਦੇ ਪਹਿਲੇ ਫ਼ੌਜੀ ਸਾਹਿਤ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਨੂੰ ਇਕ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼
ਦੇ ਲਈ ਵੱਖੋ-ਵੱਖ ਅਹਿਮ ਮੌਕਿਆਂ 'ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ।ਪ੍ਰੈੱਸ ਕਾਨਫ਼ਰੰਸ ਦੌਰਾਨ ਸ. ਸਿੱਧੂ ਨੇ ਅਪਣੀ ਤਰ੍ਹਾਂ ਦੇ ਨਿਵੇਕਲੇ ਇਸ ਫੈਸਟੀਵਲ ਦਾ ਹਿੱਸਾ ਬਣਨ ਉਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸ਼ਾਨਦਾਰ ਪਹਿਲ ਦਾ ਸਿਹਰਾ ਦਿਤਾ। ਇਹ ਫ਼ੌਜੀ ਸਾਹਿਤ ਮੇਲਾ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਜਾਵੇਗਾ ਜਿਸ ਦਾ ਮਕਸਦ ਲੋਕਾਂ ਵਿਚ ਫ਼ੌਜੀ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਸ. ਸਿੱਧੂ ਨੇ ਇਸ ਮੇਲੇ ਦੇ ਲੋਗੋ (ਚਿੰਨ੍ਹ) ਦੀ ਘੁੰਡ ਚੁਕਾਈ ਕਰਦੇ ਹੋਏ ਇਸਦੇ ਡਿਜ਼ਾਇਨਰ ਨੂੰ ਵਧਾਈ ਦਾ ਪਾਤਰ ਦੱਸਿਆ ਅਤੇ ਕਿਹਾ ਕਿ ਇਸ ਅਹਿਮ ਮੌਕੇ ਚੋਟੀ ਦੇ ਬੁੱਧੀਜੀਵੀਆਂ, ਲੇਖਕਾਂ, ਇਤਿਹਾਸਕਾਰਾਂ ਅਤੇ ਫੌਜੀ ਮਾਮਲਿਆਂ ਦੇ ਮਾਹਰਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੱਭ ਤੋਂ ਵੱਧ ਪਰਮਵੀਰ ਚੱਕਰ ਪੰਜਾਬ ਦੇ ਫੌਜੀ ਸੂਰਵੀਰਾਂ ਨੇ ਜਿੱਤੇ ਹਨ ਅਤੇ ਇਹ ਮੇਲਾ ਦੇਸ਼ ਦੇ ਰਾਖੇ ਫ਼ੌਜੀਆਂ ਦੀ ਹਿੰਮਤ ਅਤੇ ਹੌਸਲੇ ਨੂੰ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਮੀਡੀਆ ਕਰਮੀਆਂ ਨੂੰ ਸੱਦਾ ਦਿਤਾ ਕਿ ਇਸ ਸ਼ਾਨਦਾਰ ਪਹਿਲ ਦੀ ਭਰਪੂਰ ਹਮਾਇਤ ਕੀਤੀ ਜਾਵੇ ਤਾਂ ਜੋ ਦੇਸ਼ ਦੇ ਲੋਕਾਂ ਖਾਸ ਕਰ ਕੇ ਬੱਚਿਆਂ ਵਿਚ ਫ਼ੌਜਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸੰਦੇਸ਼ ਫੈਲਾਇਆ ਜਾ ਸਕੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਕਿ ਇਹ ਮੇਲਾ 7 ਤੋਂ 9 ਦਸੰਬਰ, 2017 ਤਕ ਕਰਵਾਇਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਵੀ ਇਸ ਨਾਲ ਸਬੰਧਤ ਕਈ ਸਮਾਗਮ ਹੋਣਗੇ।ਇਸ ਮੌਕੇ ਸ. ਸਿੱਧੂ ਨਾਲ ਇਸ ਫੈਸਟੀਵਲ ਦੀ ਰੂਪ ਰੇਖਾ ਜਾਰੀ ਕਰਨ ਵਾਲਿਆਂ ਵਿਚ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਸ. ਜਸਪਾਲ ਸਿੰਘ, ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਬ੍ਰਿਗੇਡੀਅਰ ਜਨਰਲ ਸਟਾਫ ਇੰਨਫਰਮੇਸ਼ਨ ਵਾਰ ਫੇਅਰ ਹੈੱਡਕੁਆਟਰ ਪੱਛਮੀ ਕਮਾਂਡ ਬ੍ਰਿਗੇਡੀਅਰ ਜੇ. ਐੱਸ. ਭਾਰਦਵਾਜ, ਸਟਾਫ ਅਫਸਰ ਏਵੀਏਸ਼ਨ ਬ੍ਰਿਗੇਡੀਅਰ ਕੇ. ਜੇ. ਸਿੰਘ, ਸਟਾਫ ਅਫਸਰ ਟੂ ਚੀਫ ਆਫ ਸਟਾਫ ਪੱਛਮੀ ਕਮਾਂਡ ਲੈਫਟੀਨੈਂਟ ਕਰਨਲ ਸੁਖਦੇਵ ਸਿੰਘ, ਜਨਰਲ ਸਟਾਫ ਅਫਸਰ ਲੈਫਟੀਨੈਂਟ ਕਰਨਲ ਮਨੋਜ ਕੁਮਾਰ ਅਤੇ ਕੈਪਟਨ ਹਿਮਾਂਸ਼ੂ ਪ੍ਰਧਾਨ ਵੀ ਸ਼ਾਮਲ ਸਨ।