
ਨਵੀਂ ਦਿੱਲੀ, 24 ਸਤੰਬਰ : ਪੰਜਾਬ ਵਿਚ
ਬਾਇਓਮਾਸ ਪਲਾਂਟਾਂ ਨਾਲ ਪਰਾਲੀ ਤੋਂ ਵੱਡੇ ਪੱਧਰ 'ਤੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ
ਜਿਸ ਨਾਲ ਠੰਢ ਦੇ ਮੌਸਮ ਵਿਚ ਦਿੱਲੀ-ਐਨਸੀਆਰ ਨੂੰ ਜ਼ਹਿਰੀਲੇ ਧੂੰਏਂ ਅਤੇ ਮਟਮੈਲੀ ਧੁੰਦ
ਯਾਨੀ 'ਸਮੌਗ' ਤੋਂ ਰਾਹਤ ਮਿਲਣ ਦੇ ਆਸਾਰ ਹਨ। ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ
ਅਥਾਰਟੀ (ਈਪੀਸੀਏ) ਦੇ ਮੁਖੀ ਭੂਰੇ ਲਾਲ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ
ਪਰਾਲੀ ਸਾੜਨ ਦੀ ਬਜਾਏ ਇਸ ਤੋਂ ਬਿਜਲੀ ਪੈਦਾ ਕਰਨ ਨਾਲ ਖੇਤਾਂ ਵਿਚ ਫ਼ਸਲਾਂ ਦੇ ਮਿੱਤਰ
ਕੀੜਿਆਂ ਦਾ ਬਚਾਅ ਵੀ ਹੋ ਰਿਹਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਕਾਇਮ ਹੈ। ਉਨ੍ਹਾਂ
ਕਿਹਾ ਕਿ ਹਰਿਆਣਾ ਵਿਚ ਵੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੀ ਦਿਸ਼ਾ ਵਿਚ ਕੰਮ ਹੋ ਰਿਹਾ
ਹੈ।
ਬਿਜਲੀ ਬਚਾਉਣ ਲਈ ਕਰੀਬ 420 ਡਿਗਰੀ ਸੈਂਟੀਗ੍ਰੇਡ ਤਾਪ 'ਤੇ ਪਰਾਲੀ ਨੂੰ ਸਾੜਿਆ
ਜਾਂਦਾ ਹੈ। ਇਸ ਤੋਂ ਪੈਦਾ ਹੋਣ ਵਾਲੀ ਭਾਫ਼ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਕ
ਕਿਲੋ ਪਰਾਲੀ ਤੋਂ ਤਿੰਨ ਕਿਲੋ ਭਾਫ਼ ਤਿਆਰ ਹੁੰਦੀ ਹੈ। 10 ਕਿਲੋ ਭਾਫ਼ ਤੋਂ ਇਕ
ਕਿਲੋਵਾਟ ਬਿਜਲੀ ਪੈਦਾ ਹੁੰਦੀ ਹੈ। ਪੰਜਾਬ ਵਿਚ 2 ਕਰੋੜ ਟਨ ਜਦਕਿ ਹਰਿਆਣਾ ਵਿਚ 1.5
ਕਰੋੜ ਟਨ ਪਰਾਲੀ ਪੈਦਾ ਹੁੰਦੀ ਹੈ। ਦਿੱਲੀ ਐਨਸੀਆਰ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ
ਸੁਪਰੀਮ ਕੋਰਟ ਦੇ ਹੁਕਮ 'ਤੇ ਕਾਇਮ ਈਪੀਸੀਏ ਦੇ ਮੁਖੀ ਭੂਰੇ ਲਾਲ ਨੇ ਦਸਿਆ, 'ਪੰਜਾਬ ਵਿਚ
ਹਾਲੇ ਲਗਭਗ ਛੇ ਪਲਾਂਟਾਂ ਜ਼ਰੀਏ ਪਰਾਲੀ ਤੋਂ 62.5 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ
ਹੈ। ਇਨ੍ਹਾਂ ਪਲਾਂਟਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਉਨ੍ਹਾਂ ਦਾ ਟੀਚਾ ਪਰਾਲੀ ਤੋਂ
600 ਮੈਗਾਵਾਟ ਬਿਜਲੀ ਪੈਦਾ ਕਰਨਾ ਹੈ। ਪਰਾਲੀ ਤੋਂ ਬਿਜਲੀ ਬਣਾਉਣ ਕਾਰਨ ਕਿਸਾਨਾਂ
ਦੁਆਰਾ ਇਨ੍ਹਾਂ ਨੂੰ ਖੇਤਾਂ ਵਿਚ ਸਾੜੇ ਜਾਣ ਦੇ ਮਾਮਲੇ ਘਟੇ ਹਨ।'
ਸਾਬਕਾ ਆਈਏਐਸ
ਅਧਿਕਾਰੀ ਭੂਰੇ ਲਾਲ ਨੇ ਕਿਹਾ ਕਿ ਜਨਤਕ ਖੇਤਰ ਦੀ ਕੰਪਨੀ ਐਨਟੀਪੀਸੀ ਵੀ ਪਰਾਲੀ ਤੋਂ
ਬਿਜਲੀ ਬਣਾਉਣ ਦੇ ਮਾਮਲੇ ਵਿਚ ਦਿਲਚਸਪੀ ਲੈ ਰਹੀ ਹੈ ਅਤੇ ਕੁੱਝ ਨਿਜੀ ਕੰਪਨੀਆਂ ਵੀ ਤਿਆਰ
ਹਨ। ਉਨ੍ਹਾਂ ਦਸਿਆ ਕਿ ਖੇਤਾਂ ਵਿਚ ਖਾਦ ਵਜੋਂ ਵੀ ਪਰਾਲੀ ਦੀ ਵਰਤੋਂ ਹੋ ਰਹੀ ਹੈ।
ਰੋਟਾਵੇਟਰ ਮਸ਼ੀਨ ਜ਼ਰੀਏ ਪਰਾਲੀ ਨੂੰ ਖਾਦ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਪਿਛਲੇ ਸਾਲ
ਦੀਵਾਲੀ ਤੋਂ ਬਾਅਦ ਕਰੀਬ 10-12 ਦਿਨਾਂ ਤਕ ਅਸਮਾਨੀਂ ਚੜ੍ਹੀ ਮਟਮੈਲੀ ਧੁੰਦ ਨੇ ਪੂਰੀ
ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਸੀ। ਲੋਕਾਂ ਨੂੰ
ਸਾਹ ਲੈਣ ਵਿਚ ਤਕਲੀਫ਼, ਬੇਚੈਨੀ, ਅੱਖਾਂ ਵਿਚ ਜਲਣ, ਦਮਾ ਅਤੇ ਐਲਰਜੀ ਦੀ ਸ਼ਿਕਾਇਤ ਵੀ ਸੀ।
(ਏਜੰਸੀ)