
ਚੰਡੀਗੜ੍ਹ, 14 ਅਕਤੂਬਰ (ਜੀ.ਸੀ. ਭਾਰਦਵਾਜ) : ਪਿਛਲੇ 8 ਮਹੀਨੇ ਤੋਂ ਮੰਤਰੀ ਮੰਡਲ ਦੇ ਵਿਸਤਾਰ ਲਈ ਸੀਨੀਅਰ ਕਾਂਰਗਸੀ ਵਿਧਾਇਕਾਂ ਤੇ ਰਾਹੁਲ ਬ੍ਰਿਗੇਡ ਦੇ ਨੌਜਵਾਨ ਵਿਧਾਇਕਾਂ ਨੂੰ ਲਾਰਾ ਲਾਉਂਦੇ ਆ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਹੁਣ ਸਾਰੇ ਪਾਸਿਉਂ ਦਬਾਅ ਵਧਣ ਦੇ ਆਸਾਰ ਵੱਧ ਗਏ ਹਨ।ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਚ ਜਿਹੜਾ ਧੂੰਆਂਧਾਰ ਅਤੇ ਜ਼ੋਰਦਾਰ ਪ੍ਰਚਾਰ ਕਾਂਗਰਸੀ ਲੀਡਰਾਂ ਵਲੋਂ ਕੀਤਾ ਗਿਆ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਜਿੱਤ ਯਕੀਨੀ ਬਣਾਈ ਗਈ, ਉਸ ਦੀ ਮਿਸਾਲ ਸਾਹਮਣੇ ਰੱਖ ਕੇ ਸੀਨੀਅਰ ਵਿਧਾਇਕਾਂ ਤੇ ਉਨ੍ਹਾਂ ਦੇ ਸਿਫ਼ਾਰਸ਼ੀ, ਹੈੱਡ ਕੁਆਰਟਰ ਤੋਂ ਨੇਤਾਵਾਂ ਦੇ ਹੁਣ ਮੁੱਖ ਮੰਤਰੀ ਅਤੇ ਸੰਭਾਵੀ ਪ੍ਰਧਾਨ ਰਾਹੁਲ ਗਾਂਧੀ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਤਾ ਹੈ।
ਜ਼ਿਕਰਯੋਗ ਹੈ ਕਿ 16 ਮਾਰਚ ਨੂੰ ਮੁੱਖ ਮੰਤਰੀ ਸਮੇਤ ਕੁਲ 10 ਨੇਤਾਵਾਂ ਨੇ ਸਹੁੰ ਚੁੱਕੀ ਸੀ ਅਤੇ ਕੁਲ 117 ਵਿਧਾਇਕਾਂ ਵਾਲੀ ਵਿਧਾਨ ਸਭਾ 'ਚ 8 ਮੰਤਰੀਆਂ ਦੀ ਹੋਰ ਜਗ੍ਹਾ ਹੈ, ਪਰ ਮੁੱਖ ਮੰਤਰੀ ਨੇ ਪਹਿਲਾਂ ਵਿਧਾਨ ਸਭਾ ਸੈਸ਼ਨ ਦਾ ਬਹਾਨਾ ਲਾਇਆ, ਫਿਰ ਬਜਟ ਸੈਸ਼ਨ ਆ ਗਿਆ, ਮਗਰੋਂ ਰਾਣਾ ਗੁਰਜੀਤ ਕੈਬਨਿਟ ਮੰਤਰੀ 'ਤੇ ਰੇਤ ਖੱਡਾਂ ਦੀ ਨਿਲਾਮੀ 'ਚ ਦਾਗ ਲੱਗਾ, ਉਸ ਉਪਰੰਤ ਰਾਹੁਲ ਗਾਂਧੀ ਅਤੇ ਕੈਪਟਨ ਦੀਆਂ ਸੰਭਾਵੀ ਲਿਸਟਾਂ ਨੇ ਮੇਲ ਨਹੀਂ ਖਾਧਾ, ਮਗਰੋਂ ਗੁਰਦਾਸਪੁਰ ਜ਼ਿਮਨੀ ਚੋਣ ਆ ਗਈ। ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਭਾਵੇਂ ਕੈਪਟਨ 'ਤੇ ਕਾਫ਼ੀ ਜ਼ੋਰ ਪੈ ਰਿਹਾ ਹੈ ਕਿ ਛੇਤੀ ਵਿਸਤਾਰ ਕੀਤਾ ਜਾਵੇ,
ਪਰ ਹੁਣ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਲਈ ਕਾਂਗਰਸੀ ਲੀਰਡਾਂ ਤੇ ਵਿਧਾਇਕਾਂ ਸਮੇਤ ਮੰਤਰੀਆਂ ਦੀ ਵੀ ਡਿਊਟੀ ਪਾਰਟੀ ਪ੍ਰਚਾਰ 'ਤੇ ਲੱਗੇਗੀ। ਸਿਆਸੀ ਮਾਹਰਾਂ ਦਾ ਵਿਚਾਰ ਹੈ ਕਿ ਅਗਲੇ ਇਕ-ਦੋ ਦਿਨਾਂ 'ਚ ਮੁੱਖ ਮੰਤਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਸੰਭਾਵੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣਗੇ ਅਤੇ 8 ਮੰਤਰੀਆਂ ਦੀ ਲਿਸਟ ਦੀ ਪ੍ਰਵਾਨਗੀ ਲੈਣਗੇ।
ਇਹ ਵੀ ਪਤਾ ਲੱਗਾ ਹੈ ਕਿ ਐਤਵਾਰ ਨੂੰ ਸੁਨੀਲ ਜਾਖੜ ਦੀ ਜਿੱਤ ਦੇ ਐਲਾਨ ਮਗਰੋਂ ਸੋਮਵਾਰ ਨੂੰ ਮੰਤਰੀ ਮੰਤਲ ਬੈਠਕ ਉਪਰੰਤ ਬੁਧਵਾਰ ਜਾਂ ਵੀਰਵਾਰ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਜਿੱਤ ਦਾ ਸਿਹਰਾ ਬੰਨ੍ਹਣ ਸਮੇਤ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਲਈ ਕਾਂਗਰਸ ਦੀ ਇਕ ਹੋਰ ਜਿੱਤ ਲਈ ਭਰੋਸਾ ਦੇ ਕੇ ਆਉਣਗੇ। ਕੁੱਝ ਕਾਂਗਰਸੀ ਨੇਤਾਵਾਂ ਦਾ ਵਿਚਾਰ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਲਈ ਕੀਤੇ ਪ੍ਰਚਾਰ ਨੂੰ ਵੀ ਪੈਮਾਨਾ ਬਣਾਇਆ ਜਾਵੇਗਾ ਅਤੇ ਸਿਰਫ ਉਨ੍ਹਾਂ ਵਿਧਾਇਕਾਂ ਨੂੰ ਹੀ ਮੰਤਰੀ ਅਹੁਦੇ ਨਾਲ ਨਿਵਾਜਿਆ ਜਾਵੇਗਾ, ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ। ਲਗਾਤਾਰ ਸੁਨੀਲ ਜਾਖੜ ਨਾਲ ਖੜੇ ਰਹੇ ਅਤੇ ਪਾਰਟੀ ਕੰਟਰੋਲਰਾਂ ਦੇ ਹੁਕਮਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਮੰਨਿਆ।ਕੌਣ-ਕੌਣ ਕਿਥੇ ਖੜਾ ਹੈ?
ਇਸ ਵੇਲੇ ਮੰਤਰੀਆਂ ਦੇ ਬਚੇ 8 ਅਹੁਦਿਆਂ ਲਈ ਸੀਨੀਅਰ ਵਿਧਾਇਕ, ਨੌਜਵਾਨ ਵਿਧਾਇਕ, ਦੁਆਬਾ, ਮਾਝਾ, ਮਾਲਵਾ ਤੋਂ ਦੋ-ਦੋ ਵਾਰ ਜਾਂ ਤਿੰਨ-ਤਿੰਨ ਵਾਰ ਅਤੇ ਕੁੱਝ ਚਾਰ-ਚਾਰ ਵਾਰ ਦੇ ਵਿਧਾਇਕਾਂ ਦੀ ਦਰਜਨ ਤੋਂ ਵੱਧ ਗਿਣਤੀ ਹੈ। ਜਿਨ੍ਹਾਂ 'ਚ ਜੱਟ, ਸਿੱਖ, ਹਿੰਦੂ, ਦਲਿਤ ਸ਼ਾਮਲ ਹਨ। ਮੁੱਖ ਮੰਤਰੀ ਲਈ ਵੀ ਸੱਭ ਨੂੰ ਖ਼ੁਸ਼ ਕਰਨਾ ਔਖਾ ਹੋ ਗਿਆ ਹੈ। ਸੰਭਾਵੀ ਮੰਤਰੀਆਂ ਦੀ ਦੌੜ 'ਚ ਚਾਰ ਵਾਰ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਤੀਜੀ ਵਾਰ ਬਣੇ ਬਲਬੀਰ ਸਿੱਧੂ ਅਤੇ ਦਰਸ਼ਨ ਬਰਾੜ, ਚੌਥੀ ਵਾਰੀ ਚੁਣੇ ਗਏ ਰਾਣਾ ਗੁਰਮੀਤ ਸੋਢੀ, ਨਿਰਮਲ ਸਿੰਘ, ਪੰਜ ਵਾਰ ਵਿਧਾਇਕ ਬਣੇ ਓ.ਪੀ. ਸੋਨੀ, ਤੀਜੀ ਵਾਰੀ ਵਾਲੇ ਅਤੇ ਦਲਿਤ ਡਾ. ਰਾਜ ਕੁਮਾਰ ਵੇਰਕਾ, 5ਵੀਂ ਵਾਰੀ ਵਾਲੇ ਰਾਕੇਸ਼ ਪਾਂਡੇ, ਚੌਥੀ ਵਾਰੀ ਵਾਲੇ ਵਿਧਾਇਕ ਰਣਦੀਪ ਨਾਭਾ, ਤੀਜੀ ਵਾਰੀ ਵਾਲੇ ਸੁਖਜਿੰਦਰ ਰੰਧਾਵਾ ਤੇ ਸੁਖ ਸਰਕਾਰੀਆ, ਸੁਰਿੰਦਰ ਡਾਵਰ, ਸੁਰਜੀਤ ਧੀਮਾਨ ਅਤੇ ਨੌਜਵਾਨ ਬ੍ਰਿਗੇਡ ਤੋਂ ਵਿਜੈਇੰਦਰ ਸਿੰਗਲਾ, ਕੁਲਜੀਤ ਨਾਗਰਾ ਅਤੇ ਭਾਰਤ ਭੂਸ਼ਣ ਆਸ਼ੂ ਸ਼ਾਮਲ ਹਨ।
ਕਾਂਗਰਸੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹਾਈਕਮਾਂਡ ਤੋਂ ਇਹ ਵੀ ਦਬਾਅ ਹੈ ਕਿ ਦਾਗੀ ਇਕ-ਦੋ ਮੰਤਰੀਆਂ ਦੀ ਛੁੱਟੀ ਕਰ ਦਿਤੀ ਜਾਵੇ ਤਾ ਕਿ ਲੋਕਾਂ 'ਚ ਇਮਾਨਦਾਰੀ ਦਾ ਸੁਨੇਹਾ ਜਾਵੇ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਤਿਆਰੀ 'ਚ ਪਾਰਟੀ ਦਾ ਅਕਸ ਸੁਧਾਰਿਆ ਜਾਵੇ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਵਿਸਤਾਰ ਦੇ ਅਗਲੇ ਪੜਾਅ 'ਚ ਸਿਰਫ਼ 4 ਜਾਂ 5 ਮੰਤਰੀ ਲਏ ਜਾਣ। ਬਾਕੀ 3 ਜਾਂ 4 ਦੀ ਪੂਰਤੀ ਅਗਲੇ ਸਾਲ ਕੀਤੀ ਜਾਵੇ।