
ਬਠਿੰਡਾ: ਸਬ ਡਵੀਜ਼ਨ ਤਲਵੰਡੀ ਦੇ ਪਿੰਡ ਕੌਰੇਆਣਾ ਵਿਚ ਜੰਮੂ ਕਸ਼ਮੀਰ ਵਿਖੇ ਬੀਤੇ ਦਿਨ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਕਾਰਨ ਸ਼ਹੀਦ ਹੋਏ ਕੁਲਦੀਪ ਸਿੰਘ ਦੀ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰ ਕੇ ਨਮ ਅੱਖਾਂ ਨਾਲ ਅੰਤਮ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ, ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ, ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ ਨੇ ਸ਼ਹੀਦ ਕੁਲਦੀਪ ਸਿੰਘ ਦੀ ਦੇਸ਼ ਲਈ ਕੀਤੀ ਗਈ ਕੁਰਬਾਨੀ ਦੀ ਸ਼ਲਾਘਾ ਕਰਦਿਆਂ ਸ਼ਹੀਦ ਦੇ ਪਰਵਾਰ ਦਾ ਹਰ ਮੌਕੇ ਸਾਥ ਦੇਣ ਦਾ ਭਰੋਸਾ ਦਿਤਾ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੇ ਸ਼ਹੀਦ ਦੀ ਸ਼ਹਾਦਤ ਨੂੰ ਜਿਥੇ ਪਰਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ, ਉੱਥੇ ਇਸ ਨੂੰ ਸੂਬੇ ਲਈ ਮਾਣ ਵਾਲੀ ਗੱਲ ਕਰਾਰ ਦਿਤਾ। ਅਕਾਲ ਟਰੱਸਟ ਬੜੂ ਸਾਹਿਬ ਵਲੋਂ ਬਾਬਾ ਕਾਕਾ ਵੀਰ ਨੇ ਅਕਾਲ ਅਕੈਡਮੀ ਵਿਚ ਪੜ੍ਹਦੇ ਸ਼ਹੀਦ ਦੇ ਬੱਚੇ ਦੀ ਬਾਰ੍ਹਵੀਂ ਤਕ ਦੀ ਪੜ੍ਹਾਈ ਸੰਸਥਾ ਵਲੋਂ ਮੁਫ਼ਤ ਕੀਤੇ ਜਾਣ ਦਾ ਐਲਾਨ ਕੀਤਾ।
ਪੰਜਾਬ ਸਰਕਾਰ ਵਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਵਲੋਂ ਪਰਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਂਟ ਕੀਤਾ ਅਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ 'ਤੇ ਰੱਖਣ, ਸ਼ਹੀਦ ਦੀ ਯਾਦ ਵਿਚ ਲਾਇਬ੍ਰੇਰੀ ਖੋਲਣ ਲਈ ਪਿੰਡ ਦੀ ਪੰਚਾਇਤ ਨੂੰ 10 ਲੱਖ ਰੁਪਏ ਦੇਣ, ਸ਼ਹੀਦ ਦੇ ਪਰਵਾਰ ਨੂੰ ਗੈਸ ਏਜੰਸੀ ਦਾ ਪਰਮਿਟ ਦੇਣ, ਖੇਤ ਲਈ ਮੋਟਰ ਕੁਨੈਕਸ਼ਨ ਦੇਣ ਅਤੇ ਸ਼ਹੀਦ ਦੇ ਦੋਵਾਂ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਦੇਣ ਦਾ ਐਲਾਨ ਵੀ ਕੀਤਾ। ਉਧਰ ਸ਼ਹੀਦ ਦੇ ਪਰਵਾਰ ਨੂੰ ਅਕਾਲੀ ਭਾਜਪਾ ਗਠਜੋੜ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵਲੋਂ ਇਕ ਲੱਖ ਰੁਪਏ ਨਕਦ ਅਤੇ ਅਕਾਲੀ ਦਲ ਦੀ ਟੀਮ ਵਲੋ ਪੰਜਾਹ ਹਜ਼ਾਰ ਰੁਪਏ ਨਕਦ ਭੇਂਟ ਕੀਤਾ ਗਿਆ ਜਦਕਿ ਸ਼ਹੀਦ ਦੀ ਯੂਨਿਟ ਵਲੋਂ ਡੇਢ ਲੱਖ ਰੁਪਏ ਨਕਦ, ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਭੇਜੇ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਵਿਧਾਇਕਾ ਬਲਜਿੰਦਰ ਕੌਰ ਨੇ ਸ਼ਹੀਦ ਦੇ ਪਰਵਾਰ ਨੂੰ ਭੇਂਟ ਕੀਤਾ।
ਸਮਾਗਮ ਵਿਚ ਡੀ.ਸੀ ਦੀਪਰਵਾ ਲਾਕਰਾ,ਐੱਸ.ਡੀ.ਐੱਮ ਵਰਿੰਦਰ ਸਿੰਘ, ਐੱਮ.ਐੱਸ ਰੰਧਾਵਾ ਡਾਇਰੈਕਟਰ ਸੈਨਿਕ ਭਲਾਈ ਬੋਰਡ, ਜਥੇ:ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ, ਸਾਬਕਾ ਵਿਧਾਇਕ ਸਿੱਧੂ ਵੱਲੋਂ ਸੁਰਿੰਦਰ ਨੰਬਰਦਾਰ ਡੂਮਵਾਲੀ, ਬਾਬੂ ਸਿੰਘ ਮਾਨ, ਸੁਖਬੀਰ ਚੱਠਾ ਆਦਿ ਨੇ ਹਾਜ਼ਰੀ ਭਰੀ। ਮੰਚ ਸੰਚਾਲਣ ਦੀ ਭੂਮਿਕਾ ਸਿੱਖ ਪ੍ਰਚਾਰਕ ਭਾਈ ਬਲਵੀਰ ਸਿੰਘ ਸਨੇਹੀ ਨੇ ਨਿਭਾਈ।