
ਚੰਡੀਗੜ੍ਹ, 10 ਦਸੰਬਰ (ਜੀ.ਸੀ. ਭਾਰਦਵਾਜ) : ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੁਲਿਸ ਵਲੋਂ ਅਕਾਲੀ ਲੀਡਰਾਂ, ਵਿਧਾਇਕਾਂ ਤੇ ਹੋਰ ਸੈਂਕੜੇ ਵਰਕਰਾਂ ਵਿਰੁਧ ਕੀਤੇ ਪਰਚਿਆਂ ਨੂੰ ਬਤੌਰ ਚੈਲੰਜ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰੀ ਜ਼ੁਲਮ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਜੇਲਾਂ ਵੀ ਭਰੀਆਂ ਜਾਣਗੀਆਂ।ਪਿਛਲੇ ਦਿਨੀਂ ਪ੍ਰਧਾਨ ਸਮੇਤ ਅਕਾਲੀ ਐਮਪੀਜ਼ ਵਿਧਾਇਕਾਂ, ਹੋਰ ਲੀਡਰਾਂ ਵਲੋਂ ਦਿਤੇ ਧਰਨੇ, ਸੜਕਾਂ ਜਾਮ ਕਰਨੇ ਅਤੇ ਹੋਰ ਕਾਰਵਾਈਆਂ ਸਬੰਧੀ ਅਗਲੇ ਸੰਘਰਸ਼ ਛੇੜਨ ਸਬੰਧੀ, ਸੁਖਬੀਰ ਬਾਦਲ ਨੇ ਅੱਜ ਸ਼ਾਮ, ਮੀਡੀਆ ਨੂੰ ਦਸਿਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਮਿਉਂਸਪੈਲਟੀ ਚੋਣਾਂ ਲਈ ਕਈ ਥਾਈਂ, ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਦਾਖ਼ਲ ਨਹੀਂ ਕਰ ਦਿਤੇ, ਹੋਰ ਕਈ ਥਾਵਾਂ 'ਤੇ ਅਧਿਕਾਰੀਆਂ 'ਤੇ ਬੇਲੋੜਾ ਜ਼ੋਰ ਪਾ ਕੇ ਨਾਮਜ਼ਦਗੀਆਂ ਰੱਦ ਕਰਾ ਦਿਤੀਆਂ ਅਤੇ ਲੋਕਤੰਤਰੀ ਪ੍ਰਕਿਰਿਆ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ।
42 ਸਾਲ ਪਹਿਲਾਂ ਕਾਂਗਰਸ ਸਰਕਾਰ ਵਲੋਂ ਲਾਈ ਐਮਰਜੈਂਸੀ ਅਤੇ ਅਕਾਲੀ ਦਲ ਵਲੋਂ ਕੀਤੇ ਵਿਰੋਧ ਦੀ ਮਿਸਾਲ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਦਲ ਵਿਚ ਪੰਜ-ਪੰਜ ਤੇ ਦਸ-ਦਸ ਸਾਲ ਜੇਲਾਂ ਕੱਟਣ ਵਾਲੇ ਅਜੇ ਵੀ ਕਈ ਨੇਤਾ ਮੌਜੂਦ ਹਨ ਅਤੇ ਲੋਕਤੰਤਰ ਦਾ ਘਾਣ ਨਹੀਂ ਹੋਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਲੀਡਰ ਅਮਨ ਸ਼ਾਂਤੀ ਨਾਲ ਧਰਨਾ ਦੇਣ, ਸੰਘਰਸ਼ ਕਰਨ ਅਤੇ ਜਮਹੂਰੀ ਹੱਕਾਂ ਲਈ ਹਮੇਸ਼ਾ ਲੜਦੇ ਰਹਿਣਗੇ। ਹੁਣ ਹਰ ਪਿੰਡ ਵਿਚੋਂ 10-10 ਵਲੰਟੀਅਰ ਲੈ ਕੇ ਸਵਾ ਲੱਖ ਦੀ ਫ਼ੌਜ ਤਿਆਰ ਕੀਤੀ ਜਾਵੇਗੀ ਜੋ ਭਵਿੱਖ ਵਿਚ ਜ਼ਿਲ੍ਹਾ, ਤਹਿਸੀਲ, ਬਲਾਕ ਪੱਧਰ 'ਤੇ ਬੇਇਨਸਾਫ਼ੀ ਵਿਰੁਧ ਸ਼ਾਂਤਮਹੀ ਲੜਾਈ ਲੜੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਰਜ ਕੀਤੇ ਝੂਠੇ ਪਰਚਿਆਂ, ਨਾਮਜ਼ਦਗੀਆਂ ਵਿਚ ਹੋਈ ਹੇਰਾਫੇਰੀ, ਰੱਦ ਕੀਤੇ ਕਾਗ਼ਜ਼ਾਂ ਵਿਚ ਹੋਈ ਧਾਂਦਲੀ ਦੇ ਦਸਤਾਵੇਜ਼ ਕੱਠੇ ਕਰ ਲਏ ਹਨ ਅਤੇ ਭਲਕੇ ਰਾਜਪਾਲ ਨੂੰ ਅਕਾਲੀ ਵਫ਼ਦ ਮਿਲੇਗਾ। ਅਕਾਲੀ ਸੰਸਦ ਮੈਂਬਰਾ ਦਾ ਵਫ਼ਦ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਕਰੇਗਾ ਅਤੇ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਏਗਾ।
ਅਕਾਲੀ ਲੀਡਰ ਨੇ ਦੋਸ਼ ਲਗਾਇਆ ਕਿ 6 ਨਕਰ ਪੰਚਾਇਤਾਂ ਤੇ ਮਿਉਂਸਪਲ ਕਮੇਟੀਆਂ ਵਿਚ ਤਾਂ ਅਕਾਲੀ ਉਮੀਦਵਾਰਾਂ ਨੂੰ ਕਾਗ਼ਜ਼ ਨਹੀਂ ਭਰਨ ਦਿਤੇ ਅਤੇ ਕਈ ਹੋਰ ਥਾਵਾਂ 'ਤੇ ਅਕਾਲੀਆਂ ਦੇ ਕਾਗ਼ਜ਼ ਰੱਦ ਕਰ ਦਿਤੇ। ਮੂਨਕ ਤੋਂ ਭੋਲਾ ਸਿੰਘ ਅਤੇ ਢਿਲਵਾ ਤੋਂ ਲਖਵਿੰਦਰ ਸਿੰਘ ਦਾ ਮਾਮਲਾ ਪੇਸ਼ ਕਰਦੇ ਹੋਏ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਗਿਆ ਕਿ ਕਿਵੇਂ ਭੋਲਾ ਸਿੰਘ ਦੇ ਜਾਲੀ ਦਸਤਖ਼ਤ ਕਰ ਕੇ ਕਾਗ਼ਜ਼ ਵਾਪਸੀ ਦਾ ਢੋਂਗ ਰਚਿਆ ਗਿਆ ਅਤੇ ਲਖਵਿੰਦਰ ਸਿੰਘ ਵਿਰੁਧ ਝੂਠਾ ਪਰਚਾ ਦਰਜ ਕੀਤਾ ਜਦੋਂ ਕਿ ਉਹ ਇਟਲੀ ਵਿਚ ਵਸਿਆ ਹੋਇਆ ਹੈ।ਸੁਖਬੀਰ ਸਿੰਘ ਬਾਦਲ ਨੇ ਸਿੱਧਾ ਚੈਲੰਜ ਮੁੱਖ ਮੰਤਰੀ ਨੂੰ ਕੀਤਾ ਕਿ ਸਾਡੇ ਸਾਰੇ ਲੀਡਰ ਇਥੇ ਹਨ, ਪੁਲਿਸ ਗ੍ਰਿਫ਼ਤਾਰ ਕਰ ਕੇ ਦਿਖਾਵੇ, ਅਸੀਂ ਡਰਦੇ ਨਹੀਂ, ਮੋਰਚਾ ਲਾ ਕੇ ਜੇਲਾਂ ਭਰਨ ਨੂੰ ਤਿਆਰ ਹਾਂ। ਅਕਾਲੀ ਦਲ ਪ੍ਰਧਾਨ ਨੇ ਇਹ ਵੀ ਤਾੜਨਾ ਕੀਤੀ ਕਿ 4 ਸਾਲ ਮਗਰੋਂ ਜਦੋਂ ਅਕਾਲੀ ਸਰਕਾਰ ਆਏਗੀ ਤਾਂ ਇਹੋ ਜਿਹੇ ਜ਼ੁਲਮਾਂ ਦੀ ਤਫ਼ਤੀਸ਼ ਕਰਨ ਲਈ ਜੁਡੀਸ਼ਲ ਕਮਿਸ਼ਨ ਬਿਠਾਇਆ ਜਾਵੇਗਾ। ਅੱਜ ਹੋਈ ਕੋਰ ਕਮੇਟੀ ਬੈਠਕ ਵਿਚ ਅਕਾਲੀ ਦਲ ਦੇ 4 ਸੰਸਦੀ ਮੈਂਬਰਾਂ ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ ਨੇ ਹਿੱਸਾ ਲਿਆ।