
ਅੰਮ੍ਰਿਤਸਰ, 12
ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਤਖ਼ਤਾਂ ਦੇ
ਜਥੇਦਾਰਾਂ ਦੀ ਅਹਿਮ ਮੀਟਿੰਗ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਹੋ ਰਹੀ ਹੈ ਜਿਸ
ਵਿਚ ਭਖਦੇ ਮਸਲਿਆਂ ਤੋਂ ਇਲਾਵਾਂ ਸਿੱਖ ਮਾਮਲੇ ਵਿਚਾਰੇ ਜਾਣਗੇ। ਇਸ ਵੇਲੇ ਦਸਮ ਪਿਤਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਚਾਰ ਵਟਾਂਦਰਾ ਅਕਾਲ ਤਖ਼ਤ
ਸਾਹਿਬ ਤੇ ਪੁੱਜੇ ਮਸਲਿਆਂ ਬਾਰੇ ਵਿਦਵਾਨਾਂ ਦੀ ਟੀਮ ਦੀ ਰਾਇ ਲੈਣ ਬਾਅਦ 'ਜਥੇਦਾਰ' ਅਪਣਾ
ਫ਼ੈਸਲਾ ਸੁਣਾਉਣਗੇ ਜੋ ਇਸ ਵੇਲੇ ਸਿੱਖ ਹਲਕਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਦੀ ਤਰੀਕ ਬਦਲਣ ਦੇ ਹੱਕ ਵਿਚ ਹਨ ਪਰ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ. ਇਕਬਾਲ ਸਿੰਘ ਇਸ ਵਿਰੁਧ ਹਨ ਅਤੇ ਉਨ੍ਹਾਂ ਆਖ
ਵੀ ਦਿਤਾ ਹੈ ਕਿ ਪ੍ਰਕਾਸ਼ ਪੁਰਬ ਦੀ ਤਰੀਕ ਬਦਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।
ਭਾਵੇਂ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦਾ ਚਰਚਿਤ ਗੁਰਮਤਿ ਸਮਾਗਮ ਮੁਲਤਵੀ ਹੋ ਗਿਆ ਹੈ
ਪਰ ਇਸ ਸਬੰਧੀ ਪੁੱਜੀਆਂ ਸ਼ਿਕਾਇਤਾਂ ਦੇ ਆਧਾਰਤ ਵਿਚਾਰ ਵਟਾਂਦਰਾ ਹੋਵੇਗਾ। ਦੂਸਰੇ ਪਾਸੇ
ਮੁਤਵਾਜ਼ੀ ਜਥੇਦਾਰਾਂ ਨੇ ਵੀ ਸਿੱਖ ਮਸਲਿਆਂ ਬਾਰੇ ਮੀਟਿੰਗ ਰੱਖੀ ਹੈ ਪਰ ਉਨ੍ਹਾਂ ਦੀ ਆਪਸ
ਵਿਚ ਵਿਚਾਰਾਂ ਦੇ ਮਤਭੇਦ ਉਭਰਨ ਉਪਰੰਤ ਕੁੱਝ ਸ਼ਖ਼ਸੀਅਤਾਂ ਨੇ ਉਨ੍ਹਾਂ ਦਰਮਿਆਨ ਸਮਝੌਤਾ
ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਸਮਝੌਤਾ ਹੋ ਗਿਆ ਤਾਂ ਉਹ ਬੈਠਕ ਕਰਨਗੇ ਨਹੀਂ ਤਾਂ
ਮੁਲਤਵੀ ਹੋਣ ਦੀ ਸੰਭਾਵਨਾ ਹੈ।
ਦਸਣਯੋਗ ਹੈ ਕਿ ਇਸ ਵੇਲੇ ਸਿੱਖ ਧਾਰਮਕ ਸ਼ਖ਼ਸੀਅਤਾਂ
ਦਰਮਿਆਨ ਚਲ ਰਹੇ ਤਕਰਾਰ ਨੂੰ ਪੰਥਕ ਵਿਰੋਧੀ ਬੜੀ ਉਤਸੁਕਤਾ ਨਾਲ ਨਜ਼ਰ ਰੱਖ ਰਹੇ ਹਨ।
ਦੂਸਰੇ ਪਾਸੇ ਸਿੱਖ ਹਲਕੇ ਖਫ਼ਾ ਹਨ ਕਿ ਸਿੱਖ ਕੌਮ ਦੀ ਆਪਸੀ ਫੁੱਟ ਦਾ ਲਾਭ ਪੰਥ ਵਿਰੋਧੀ
ਸ਼ਕਤੀਆਂ ਲੈਂਦੀਆਂ ਰਹੀਆਂ ਹਨ ਪਰ ਕੌਮ ਦੇ ਆਗੂ ਇਕ ਮੰਚ 'ਤੇ ਇਕੱਠੇ ਨਹੀਂ ਹੋ ਰਹੇ। ਚਰਚਾ
ਮੁਤਾਬਕ ਤਖ਼ਤਾਂ ਦੇ ਜਥੇਦਾਰ ਬਾਦਲ ਪਰਵਾਰ ਦੇ ਕਰੀਬੀ ਮੰਨੇ ਜਾਂਦੇ ਹਨ ਜਿਸ ਕਾਰਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਸ 'ਤੇ ਉਨ੍ਹਾਂ ਦਾ ਪੂਰਾ ਕੰਟਰੋਲ ਹੈ।
ਦੂਸਰੇ ਪਾਸੇ ਬਾਦਲ ਵਿਰੋਧੀ ਪੰਥਕ ਦਲਾਂ ਦਾ ਜਨਤਕ ਆਧਾਰ ਮਜ਼ਬੂਤ ਨਾ ਹੋਣ ਕਾਰਨ ਉਹ
ਲੋਕਤੰਤਰੀ ਲੜਾਈ ਨਾ ਸ਼੍ਰੋਮਣੀ ਕਮੇਟੀ ਚੋਣਾਂ ਅਤੇ ਨਾ ਹੀ ਪੰਚਾਇਤਾਂ ਤੋਂ ਲੈ ਕੇ ਵਿਧਾਨ
ਸਭਾ ਅਤੇ ਲੋਕ ਸਭਾ 'ਚ ਅਪਣੇ ਪ੍ਰਤੀਨਿਧ ਮੈਦਾਨ 'ਚ ਉਤਾਰਦੇ ਹਨ ਪਰ ਨਤੀਜਾ ਆਸ ਦੇ ਉਲਟ
ਜਾਂਦਾ ਹੈ ਜਿਸ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਲੈ ਰਿਹਾ ਹੈ। ਇਸ
ਤੋਂ ਛੁੱਟ 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਸਲਾਨਾ ਇਜਲਾਸ ਹੰਗਾਮਿਆਂ ਭਰਪੂਰ ਹੋਣ ਦੀ
ਸੰਭਾਵਨਾ ਹੈ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅੰਤ੍ਰਿੰਗ ਕਮੇਟੀ ਤੇ ਹੋਰ
ਅਹੁਦੇਦਾਰਾਂ ਦੀ ਚੋਣ ਹੋਣੀ ਹੈ।