
ਚੰਡੀਗੜ੍ਹ, 8 ਜਨਵਰੀ (ਜੀ.ਸੀ. ਭਾਰਦਵਾਜ): ਨਿਰੋਲ ਸਿੱਖੀ ਸਿਧਾਂਤ, ਸਿੱਖ ਧਰਮ, ਸਿੱਖ ਸੋਚ ਅਤੇ ਦੇਸ਼ ਦੀ ਧਰਮ ਨਿਰਪਖਤਾ ਵਾਲੀ ਸੰਵਿਧਾਨਕ ਧਾਰਾ ਬਾਰੇ ਅੱਜਕਲ ਸਿੱਖ ਅਦਾਰਿਆਂ ਵਿਚ ਗੰਭੀਰਤਾ ਨਾਲ ਵਿਚਾਰ ਹੁੰਦੇ ਰਹਿੰਦੇ ਹਨ। ਇਸੇ ਤਹਿਤ ਬੀਤੇ ਕਲ ਇਥੇ ਇਕ ਗੋਸ਼ਟੀ ਦੌਰਾਨ ਬ੍ਰਾਹਮਣਵਾਦ, ਰਾਸ਼ਟਰਵਾਦ, ਹਿੰਦੂਵਾਦ ਅਤੇ ਇਸ ਨਾਲ ਸਬੰਧਤ ਵਿਸ਼ਿਆਂ 'ਤੇ ਚਰਚਾ ਕਰਦਿਆਂ ਸਿੱਖ ਵਿਦਵਾਨਾਂ ਤੇ ਚਿੰਤਕਾਂ ਨੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਸੱਚਾ ਸੁੱਚਾ ਰਾਸ਼ਟਰਵਾਦ ਤਾਂ ਸਮਾਜ ਦੇ ਸਾਰੇ ਵਰਗਾਂ ਲਈ ਲਾਭਦਾਇਕ ਹੈ ਪਰ ਦੇਸ਼ ਅੰਦਰ ਬ੍ਰਾਹਮਣਵਾਦ ਤੋਂ ਬਣਿਆ ਆਧੁਨਿਕ ਹਿੰਦੂਵਾਦ ਸਿੱਖਾਂ ਲਈ ਖ਼ਤਰਾ ਹੈ। ਸਿੱਖ ਵਿਦਵਾਨ ਜਿਨ੍ਹਾਂ ਵਿਚ ਯੂਨੀਵਰਸਟੀ ਦੇ ਪ੍ਰੋਫ਼ੈਸਰ, ਇਤਿਹਾਸਕਾਰ, ਬੁੱਧੀਜੀਵੀ ਤੇ ਸੇਵਾਮੁਕਤ ਅਧਿਆਪਕ ਸਨ, ਨੇ ਸਪੱਸ਼ਟ ਕੀਤਾ ਕਿ ਭਾਰਤ ਵਿਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਪਣੇ-ਅਪਣੇ ਢੰਗ ਨਾਲ ਰਾਸ਼ਟਰਵਾਦ ਦਾ ਮਤਲਬ ਕੱਢ ਕੇ ਘੱਟਗਿਣਤੀ ਕੌਮਾਂ ਨੂੰ ਦਰ ਕਿਨਾਰੇ ਕਰਦੀਆਂ ਆਈਆਂ ਹਨ। ਕਾਂਗਰਸ ਰਾਜ ਵੇਲੇ ਇਹ ਨਕਲੀ ਰਾਸ਼ਟਰਵਾਦ ਗੁਰਦਵਾਰਿਆਂ ਤੇ ਸਿੱਖ ਅਦਾਰਿਆਂ ਵਿਚ ਚੁਪ-ਚਪੀਤੇ ਦਖ਼ਲਅੰਦਾਜ਼ੀ ਦੀ ਬਜਾਏ ਫ਼ੌਜੀ ਹਮਲੇ ਅਤੇ ਨਸਲਕੁਸ਼ੀ ਕਰਨ ਦੇ ਰੂਪ ਵਿਚ ਸਿੱਖੀ ਦਾ ਬੇਤਹਾਸ਼ਾ ਨੁਕਸਾਨ ਕਰ ਗਿਆ, ਮੌਜੂਦਾ ਭਾਜਪਾ
ਸ਼ਾਸਨ ਕਾਲ ਵਿਚ ਇਹ ਰਾਸ਼ਟਰਵਾਦ ਅਕਾਲੀ-ਦਲ ਰਾਹੀਂ ਸਾਂਝ ਪਾ ਕੇ ਸਿਆਸੀ ਖੇਤਰ ਸਮੇਤ ਸਮਾਜਕ ਤੇ ਧਾਰਮਕ ਪੱਖੋਂ ਸਿੱਖੀ ਨੂੰ ਖੋਰਾ ਲਾਈ ਜਾ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਤੇ ਪ੍ਰੋ. ਗੁਰਮੀਤ ਸਿੰਘ ਸਿੱਧੂ ਵਲੋਂ ਲਿਖੀ ਕਿਤਾਬ ਵੀ ਰੀਲੀਜ਼ ਕੀਤੀ ਗਈ। 'ਬ੍ਰਾਹਮਣਵਾਦ ਤੋਂ ਹਿੰਦੂਵਾਦ-ਜਾਤ ਧਰਮ ਤੇ ਰਾਸ਼ਟਰਵਾਦ' ਨਾਂਅ ਦੀ ਇਸ ਕਿਤਾਬ ਵਿਚ ਬ੍ਰਾਹਮਣਵਾਦ, ਰਾਸ਼ਟਰਵਾਦ, ਹਿੰਦੂਵਾਦ ਦੀ ਬਹੁਗਿਣਤੀ ਸੋਚ ਦੀ ਪੜਚੋਲ ਕੀਤੀ ਗਈ ਹੈ। ਇਸ ਮੌਕੇ ਗੁਰਮੀਤ ਸਿੱਧੂ ਨੇ ਕਿਹਾ ਕਿ ਇਹ ਕਿਤਾਬ ਬ੍ਰਾਹਮਣਵਾਦ ਦੇ ਹਿੰਦੂਵਾਦ ਵਿਚ ਬਦਲਣ 'ਤੇ ਚਾਨਣਾ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰਾਸ਼ਟਰਵਾਦ, ਆਧੁਨਿਕ ਕੌਮਵਾਦ ਵਿਚੋਂ ਉਭਰਿਆ ਹੈ। ਇਸ ਨਾਲ ਦੇਸ਼ਭਗਤੀ ਸਬੰਧਤ ਹੋਣ ਕਰ ਕੇ ਆਪਸ ਵਿਚ ਟਕਰਾਈਆਂ ਵਿਚਾਰਧਾਰਾਵਾਂ ਵੀ ਇਸ ਕੌਮੀ ਏਜੰਡੇ 'ਤੇ ਇਕੱਠੀਆਂ ਹੋ ਜਾਂਦੀਆਂ ਹਨ। ਰਾਸ਼ਟਰਵਾਦ ਦੇ ਮਸਲੇ 'ਤੇ ਹਿੰਦੂਵਾਦੀ, ਹਿੰਦੂਤਵ ਤਕ ਪਹੁੰਚ ਗਏ ਹਨ।