
ਪੂਰੇ ਵਿਸ਼ਵ ਨੂੰ ਮਾਨਵਤਾ ਜਾਤ-ਪਾਤ ਤੋਂ ਉੱਪਰ ਉੱਠ ਕੇ ਇੱਕੋ ਜਾਤ ਦਾ ਸੰਦੇਸ਼ ਦੇਣ ਵਾਲੇ ਗੁਰੂ ਸ੍ਰੀ ਰਵਿਦਾਸ ਜੀ ਦਾ 641 ਵਾਂ ਜਨਮ ਦਿਹਾੜਾ ਪੂਰੇ ਵਿਸ਼ਵ ‘ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਵਿਸਾਲ ਨਗਰ ਕੀਰਤਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਹਨ। ਨਗਰ ਕੀਰਤਨ ਦੀ ਅਗਵਾਈ ਗੁਰੂ ਸਾਹਿਬ ਦੇ ਪੰਜ ਪਿਆਰੇ ਕਰ ਰਹੇ ਹਨ ਅਤੇ ਸੰਗਤਾਂ ਵਾਹਿਗੁਰੂ ਦਾ ਨਾਮ ਜਪ ਦੀਆਂ ਹੋਈਆਂ ਅੱਗੇ ਵੱਧ ਰਹੀਆਂ ਹਨ।
ਰਵਿਦਾਸ ਦਾ ਜਨਮ ਬਨਾਰਸ ਦੇ ਨੇੜੇ ਸੀਰ ਗੋਵਾਰਧਨਪੁਰ ਵਿਖੇ 1399 ਈ. ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਬਾਬਾ ਸੰਤੋਖ ਦਾਸ ਅਤੇ ਮਾਤਾ ਦਾ ਕਲਸਾਂ ਦੇਵੀ ਦੱਸਿਆ ਜਾਂਦਾ ਹੈ। ਭਗਤ ਰਵਿਦਾਸ ਬਹੁਤ ਹੀ ਨਿਮਰ ਸੁਭਾਅ ਵਾਲੇ ਅਤੇ ਅੰਦਰੋਂ ਬਾਹਰੋਂ ਇੱਕ ਸਨ। ਉਨ੍ਹਾਂ ਦੇ ਜੀਵਨ ਬਾਰੇ ਮਿਲਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਆਪ ਚਮਾਰ ਜਾਤੀ ਨਾਲ ਸੰਬੰਧਿਤ ਹੁੰਦੇ ਹੋਏ ਵੀ ਆਪਣੇ ਗਿਆਨ ਤੇ ਪ੍ਰਭੂ ਭਗਤੀ ਰਾਹੀ ਸ੍ਰੇਸ਼ਟਤਾ ਤੇ ਪ੍ਰਸਿੱਧੀ ਪ੍ਰਾਪਤ ਕਰ ਗਏ। ਰਵਿਦਾਸ ਜੀ ਨੂੰ ਅਰਬੀ ਫਾਰਸੀ ਭਾਸ਼ਾ ਦਾ ਵੀ ਗਿਆਨ ਸੀ ਰਾਗ ਗਉੜੀ ਦੇ ਸ਼ਬਦ ਵਿੱਚ ਫਾਰਸੀ ਰੰਗ ਉਘੜਿਆ ਹੈ।
ਸਮਾਜ ਦੇ ਬਹੁਤ ਪਛੜੇ ਵਰਗ ਨਾਲ ਹੋ ਰਹੇ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਗੁਰੂ ਰਵਿਦਾਸ ਦਾ ਜਨਮ ਮੁਹੱਲਾ ਸੀਰ ਗੋਵਰਧਨ, ਕਾਂਸ਼ੀ (ਬਨਾਰਸ) ਹੁਣ ਵਾਰਾਨਸੀ (ਉੱਤਰ ਪ੍ਰਦੇਸ਼) ਵਿੱਚ ਹੋਇਆ। ਉਨ੍ਹਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਵਰਣ ਵਰਗ ਦੀ ਸਖ਼ਤੀ ਹੋਣ ਕਾਰਨ ਆਪ ਸੰਸਕ੍ਰਿਤ ਦੀ ਪੜ੍ਹਾਈ ਤੋਂ ਵਾਂਝੇ ਰਹਿ ਗਏ ਸਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰ ਕੇ ਆਪ ਨੇ ਸੰਤਾਂ, ਸਾਧੂਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਬਾਣੀ ਰਚ ਕੇ ਰੂਹਾਨੀ ਸੰਦੇਸ਼ ਦਿੱਤਾ। ਆਪ ਜੀ ਦੀਆਂ ਰਚਨਾਵਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ 40 ਸ਼ਬਦ 16 ਰਾਗਾਂ ਵਿੱਚ ਦਰਜ ਹਨ। ਇਨ੍ਹਾਂ 40 ਸ਼ਬਦਾ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ” ਨਾਮਕ ਇੱਕ ਹੱਥ ਲਿਖਤ ਪੋਥੀ ਨਾਗਰੀ ਪ੍ਰਚਾਰਿਣੀ ਸਭ ਕੋਲ ਉਪਲਬੱਧ ਹੈ।ਭਾਸ਼ਾ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਨੂੰ ‘ਬਾਣੀ ਭਗਤ ਰਵੀਦਾਸ ਜੀ ` ਸਿਰਲੇਖ ਅਧੀਨ 1984 ਈ: ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਗੁਰੂ ਅਮਰਦਾਸ ਜੀ ਦੇ ਚਾਲੀ ਸ਼ਬਦ ਅਤੇ ਇੱਕ ਸਲੋਕ ਨੂੰ ਪ੍ਰਮਾਣਿਤ ਬਾਣੀ ਕਿਹਾ ਜਾਂਦਾ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਇਲਾਵਾ 87 ਪਦ ਬਾਹਰਲੀ ਬਾਣੀ ਦੇ ਵੀ ਅੰਕਿਤ ਕੀਤੇ ਗਏ ਹਨ।
ਸ੍ਰੀ ਰਵਿਦਾਸ ਜੀ ਦੇ 641ਵੇਂ ਜਨਮ ਦਿਹਾੜੇ ਮੌਕੇ ਪੰਜਾਬ ਦੇ ਹਰ ਸ਼ਹਿਰ ਹਰ ਪਿੰਡ ‘ਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਸ ਮੌਕੇ ‘ਤੇ ਜਲੰਧਰ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਬਸਤੀ ਗੁਜ਼ਾ, ਬੂਟਾ ਮੰਡੀ ਤੋਂ ਇਲਾਵਾ, ਬਸਤੀ ਦਾਨਿਸ਼ਮੰਦਾ, ਨਾਲਾ ਪਿੰਡ ਸਮੇਤ ਕਈ ਥਾਵਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ‘ਚ ਸੰਗਤਾਂ ਨੇ ਗੁਰੂ ਦਾ ਨਾਮ ਜਪ ਕੀਰਤਨ ‘ਚ ਹਿੱਸਾ ਲਿਆ।
ਇਸ ਮੌਕੇ ‘ਤੇ ਪੂਰੇ ਸ਼ਹਿਰ ਨੂੰ ਸਜਾਇਆ ਗਿਆ ਤੇ ਲੋਕਾਂ ਨੇ ਵੀ ਥਾਂ ਥਾਂ ਲੰਗਰ ਲਾ ਕੇ ਆਪਣਾ ਯੋਗਦਾਨ ਪਾਇਆ। ਕਈ ਥਾਵਾਂ ‘ਤੇ ਸੰਤਰਿਆਂ ਦੇ ਲੰਗਰ ਲੰਗੇ ਹੋਏ ਸਨ ਤੇ ਕਈ ਥਾਵਾਂ ‘ਤੇ ਲੋਕਾਂ ਨੇ ਖੀਰ ਪੂਰੀ ਛੋਲੇ ਤੇ ਹੋਰ ਅਨੇਕਾਂ ਪ੍ਰਕਾਰ ਦੇ ਆਪਣੀ ਸ਼ਰਧਾ ਅਨੁਸਾਰ ਲੰਗਰ ਲਗਾਏ ਹੋਏ ਸਨ। ਲੋਕਾਂ ਦੇ ਨਾਲ ਨਾਲ ਪੁਲਿਸ ਨੇ ਵੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਪਿੰਡਾ ‘ਚ ਵੀ ਇਸ ਸਮੇਂ ਜਿੱਥੇ ਗੱਤਕਾ ਪਾਰਟੀਆਂ ਵੱਲੌ ਆਪਣੇ ਕਰਤੱਵਾਂ ਦੇ ਜੋਹਰ ਦਿਖਾਏ ਗਏ ਉਥੇ ਹੀ ਰਾਗੀਆਂ ਢਾਡੀਆਂ ਵਲੌ ਵੀ ਵਾਰਾਂ ਦਾ ਗਾਇਨ ਕੀਤਾ ਗਿਆ।