
ਐਸ.ਏ.ਐਸ. ਨਗਰ, 30 ਜਨਵਰੀ: ਪੰਜਾਬ ਭਰ ਅਤੇ ਪੰਜਾਬ ਤੋਂ ਬਾਹਰ ਵੱਖ-ਵੱਖ ਥਾਵਾਂ 'ਤੇ ਧਾਰਮਕ ਖੇਤਰ ਤੋਂ ਇਲਾਵਾ ਸਮਾਜਸੇਵਾ ਦੇ ਕਾਰਜ ਵਿਚ ਅਪਣਾ ਬਣਦਾ ਯੋਗਦਾਨ ਪਾਉਣ ਦੇ ਮੰਤਵ ਨਾਲ ਕਾਰਜ ਕਰ ਰਹੀ ਜਥੇਬੰਦੀ 'ਸੁਖਮਨੀ ਫਾਊਂਡੇਸ਼ਨ' ਵਲੋਂ ਅਪਣੇ ਸਮਾਜਸੇਵਾ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ 11 ਲੋੜਵੰਦ ਪਰਵਾਰ ਦੇ ਜੋੜਿਆਂ ਦੇ ਵਿਆਹ ਕੀਤੇ ਗਏ। ਇਸ ਮੌਕੇ ਚੇਅਰਪਰਸਨ ਗੁਰਸ਼ਬਨਮ ਕੌਰ ਕਾਹਲੋਂ ਦੇ ਉਪਰਾਲੇ ਸਦਕਾ ਸਮੂਹ ਵਿਆਹ ਵਾਲੇ ਜੋੜਿਆਂ ਨੂੰ ਫਰਨੀਚਰ, ਘਰੇਲੂ ਸਮਾਨ, ਕੱਪੜੇ ਅਤੇ ਹੋਰ ਵਰਤੋਂ ਯੋਗ ਸਮਾਨ ਦੇ ਕੇ ਸਨਮਾਨਿਆ ਗਿਆ। ਇਸ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਬਾਬਾ ਇਕਬਾਲ ਸਿੰਘ, ਭਾਈ ਹਰਿੰਦਰ ਸਿੰਘ ਚੁੰਨੀਮਾਜਰੇ ਵਾਲੇ, ਜੱਸੀ ਸੇਖੋਂ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਬਸੰਤ
ਮੀਤ ਪ੍ਰਧਾਨ, ਸ੍ਰੀ ਗੁਰੂਦੇਵ ਫ਼ੋਟੋਗ੍ਰਾਫ਼ੀ ਤੋਂ ਜਸਕਰਨ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵੱਖ-ਵੱਖ ਧਾਰਮਕ, ਰਾਜਨੀਤਕ ਅਤੇ ਸਮਾਜਸੇਵੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਆਨੰਦ ਕਾਰਜ ਕਰਨ ਦੀ ਸਮੁੱਚੀ ਰਸਮ ਗੁਰਦੁਆਰਾ ਨਾਢਾ ਸਾਹਿਬ ਵਿਖੇ ਕੀਤੀ ਗਈ ਅਤੇ ਕੀਰਤਨ ਕੀਤਾ ਗਿਆ। ਉਪਰੰਤ ਸਮੂਹ ਪਰਵਰਾਂ ਨੂੰ ਲੰਗਰ ਛਕਾਉਣ ਉਪਰੰਤ ਰਵਾਨਾ ਕੀਤਾ ਗਿਆ ਅਤੇ ਸ. ਜੀਵਨਦੀਪ ਸਿੰਘ ਕਾਹਲੋਂ ਦੀ ਸਮੁੱਚੀ ਟੀਮ ਵਲੋਂ ਵਿਆਹ ਵਾਲੇ ਜੋੜਿਆਂ ਦੇ ਘਰ ਵਿਆਹ ਦਾ ਸਮਾਨ ਪੂਰਨ ਤੌਰ 'ਤੇ ਸਜਾਉਣ ਦੀ ਜ਼ਿੰਮੇਵਾਰੀ ਲਈ ਗਈ ਅਤੇ ਸੇਵਾ ਕਾਰਜ ਵਿਚ ਹਿਸਾ ਲੈਣ ਲਈ ਵੀ ਕਿਹਾ।