
ਮੈਂ, ਜਿਸ ਵਿਸ਼ੇ ਨੂੰ ਛੂਹਣ ਲੱਗਾ ਹਾਂ, ਉਸ ਬਾਰੇ ਕਦੇ ਮੈਂ ਸੋਚਿਆ ਵੀ ਨਹੀਂ ਸੀ। ਜਿਸ ਨਾਲ ਮੈਂ ਦੋ ਢਾਈ ਸਾਲ ਡਰਾਈਵਰ ਰਿਹਾ ਉਸ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਮੈਨੂੰ ਕਲਮ ਚੁਕਣੀ ਪਈ। ਜਦ ਸ. ਕਰਮਜੀਤ ਸਿੰਘ ਪਟਿਆਲਾ ਨੇ ਮੈਨੂੰ ਫ਼ੋਨ ਕੀਤਾ ਤਾਂ ਯਕੀਨ ਹੀ ਨਾ ਆਇਆ ਕਿ ਸਾਡਾ ਵੀਰ ਸਾਡੇ ਤੋਂ ਸਦਾ ਲਈ ਵਿਛੜ ਗਿਆ ਹੈ। ਉਹ ਮਨਹੂਸ ਘੜੀ ਧੁੰਦ ਦਾ ਰੂਪ ਧਾਰਨ ਕਰ ਕੇ ਆਈ 22.01.2018 ਨੂੰ ਪਟਿਆਲਾ ਤੋਂ ਦਿੱਲੀ ਜਾਂਦਿਆ ਕਰਨਾਲ ਕੋਲ ਉਸ ਦੀ ਕਾਰ ਟਰੱਕ ਦੇ ਪਿਛੇ ਜਾ ਟਕਰਾਈ। ਕੁੱਝ ਸਾਲਾਂ 'ਚ ਅਪਣੇ ਕਾਰੋਬਾਰ ਨੂੰ ਫ਼ਰਸ਼ਾਂ ਤੋਂ ਅਰਸ਼ਾਂ ਤਕ ਪਹੁੰਚਾਉਣ ਵਾਲਾ ਇਕ ਚੰਗਾ ਪਤੀ, ਚੰਗਾ ਪਿਤਾ, ਚੰਗਾ ਪੁੱਤਰ ਦੋਸਤਾਂ ਦਾ ਦੋਸਤ, ਸੱਭ ਨੂੰ ਰੌਂਦਾ ਕਰਲਾਉਂਦਾ ਛੱਡ ਅਗਲੇ ਜਹਾਨ ਕੂਚ ਕਰ ਗਿਆ। ਉਹ ਪਲ ਯਾਦ ਆਉਂਦੇ ਹਨ ਜਦ 2010 ਤੋਂ ਪਹਿਲਾਂ ਮੈਂ ਲੱਕੀ ਭਾਅ ਜੀ ਨੂੰ ਜਾਣਦਾ ਵੀ ਨਹੀਂ ਸੀ। ਡਿਊਟੀ ਸ਼ੁਰੂ ਕੀਤੀ। ਕੁੱਝ ਦਿਨਾਂ 'ਚ ਹੀ ਮੇਰੇ ਤੇ ਵਿਸ਼ਵਾਸ ਪੱਕਾ ਹੋ ਗਿਆ ਤੇ ਮੈਂ ਵੀ ਉਨ੍ਹਾਂ ਦਾ ਵਿਸ਼ਵਾਸ ਟੁਟਣ ਨਹੀਂ ਦਿਤਾ। ਦਿੱਲੀ, ਜਲੰਧਰ, ਬਠਿੰਡਾ ਤੇ ਚੰਡੀਗੜ੍ਹ ਸ਼ਹਿਰ ਵਿਚ ਜਾਣਾ। ਸਦਾ ਚੜ੍ਹਦੀ ਕਲਾ 'ਚ ਰਹਿਣਾ। ਮੈਂ ਕਦੇ ਲੱਕੀ ਨੂੰ ਥਕਦੇ ਨਹੀਂ ਸੀ ਵੇਖਿਆ। ਦਿੱਲੀ ਜਾਂਦੇ ਮਹਿੰਗੇ ਤੋਂ ਮਹਿੰਗੇ ਢਾਬੇ ਤੇ ਬਰਾਬਰ ਬਿਠਾਉਣਾ, ਦੋਸਤਾਂ ਵਾਂਗ ਵਿਚਰਨਾ, ਰੂਟ ਤੇ ਜਾਣ ਲਈ ਟਾਈਆਂ ਤੋਂ ਪੰਜ ਮਿੰਟ ਪਹਿਲਾਂ ਬੁਲਾਉਣਾ। ਜੇ ਮੈਂ ਲੇਟ ਹੋ ਜਾਣਾ ਤਾਂ ਗੱਡੀ ਆਪ ਸਟਾਰਟ ਕਰ ਦੇਣੀ ਤਾਕਿ ਗਰਮ ਹੋ ਜਾਵੇ। ਰੂਟ ਸਹੀ ਟਾਈਮ ਨਾਲ ਨਿਕਲਿਆ ਜਾਵੇ। ਮੈਨੂੰ ਕਦੇ ਮਾਲਕ ਵਾਲਾ ਰੋਹਬ ਨਹੀਂ ਦਿੱਤਾ।
ਮੈਨੂੰ ਸਤਿਕਾਰ ਨਾਲ ਭਾਅ ਜੀ ਕਹਿਣਾ। ਸਾਰੇ ਪਰਵਾਰ ਤੇ ਰਿਸ਼ਤੇਦਾਰਾਂ ਵਿਚ ਮੇਰੀ ਚੰਗੀ ਪੁਜ਼ੀਸ਼ਨ ਬਣਾ ਦਿਤੀ। ਕਈ ਵਾਰ ਗੱਲਾਂ ਕਰਦੇ ਕਿ ਐਮ.ਸੀ. ਦੀਆਂ ਚੋਣਾਂ ਲੜਾਂਗਾ। ਦਿੱਲੀ ਕਾਰੋਲਬਾਗ ਵਿਚ ਇਕ ਦਿਨ ਲੱਕੀ ਪਟਿਆਲੇ ਵਾਲੇ ਦਾ ਨਾਂ ਕਾਰੋਬਾਰ ਵਿਚ ਪਹਿਲੀ ਕਤਾਰ ਵਿਚ ਆਏਗਾ। ਉਨ੍ਹਾਂ ਦੇ ਘਰ ਮੈਡਮ ਕੁਲਦੀਪ ਕੌਰ ਦੇ ਕੁੱਖੋਂ ਦੋ ਬੱਚੀਆਂ ਨੇ ਜਨਮ ਲਿਆ, ਕਹਿੰਦੇ ਇਹ ਮੇਰੇ ਹੀਰੇ ਹਨ। ਬੱਚੀਆਂ ਦਾ ਜਨਮ ਬਹੁਤ ਉਚੇ ਪੱਧਰ 'ਤੇ ਮਨਾਉਂਦੇ। ਪਹਿਲਾਂ ਕੇਸ ਕਟਵਾਉਂਦੇ ਸੀ, ਵਿਚਾਰ ਤਰਕਵਾਦੀ ਸੀ, ਮੈਂ ਇਕ ਸੀ.ਡੀ. ਜਪੁ ਜੀ ਕਥਾ ਦਿਤੀ। ਸੁਣ ਕੇ ਹੌਲੀ ਹੌਲੀ ਸਾਬਤ ਸੂਰਤ ਬਣ ਗÂੈ। ਮੈਂ ਉੱਚਾ ਦਰ ਬਾਬੇ ਨਾਨਕ ਦਾ ਮੈਂਬਰ ਬਣਨ ਲਈ ਕਿਹਾ ਆਪ ਵੀ ਤੇ ਦੋਵੇਂ ਬੱਚੀਆਂ ਵੀ ਲਾਈਫ਼ ਮੈਂਬਰ ਬਣਾ ਦਿਤੀਆਂ। ਆਪ ਗਵਰਨਿੰਗ ਕੌਂਸਲ ਮੈਂਬਰ ਤਕ ਪਹੁੰਚ ਗਿਆ। ਪਰ ਕੀ ਪਤਾ ਸੀ 'ਉੱਚਾ ਦਰ ਬਾਬੇ ਨਾਨਕ ਦਾ' ਦੇ ਵਿਹੜੇ 'ਚ ਲਾਇਆ ਬੂਟਾ 35 ਸਾਲ ਦੀ ਉਮਰ ਵਿਚ ਟੁੱਟ ਕੇ ਡਿਗ ਪਵੇਗਾ। 'ਉੱਚਾ ਦਰ ਬਾਬੇ ਨਾਨਕ ਦਾ' ਦੇ ਇਸ ਸੁਹਿਰਦ ਮੈਂਬਰ ਦਾ ਭੋਗ ਅਤੇ ਅੰਤਮ ਅਰਦਾਸ ਗੁਰਦੁਆਰਾ ਘੁੰਮਣ ਨਗਰ ਪਟਿਆਲਾ ਵਿਖੇ ਅੱਜ ਦੁਪਹਿਰ 12 ਤੋਂ 1 ਵਜੇ ਤਕ ਪਵੇਗਾ। ਇਸ ਮੌਕੇ ਮੈਂ ਅਤੇ ਸਮੂੰਹ ਮੈਂਬਰ ਸਾਹਿਬਾਨ ਇਸ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਪਿੱਛੇ ਰਹਿ ਗਏ, ਉਨ੍ਹਾਂ ਦੇ ਮਾਤਾ ਬੀਬੀ ਸੁਰਿੰਦਰ ਕੌਰ, ਪਤਨੀ ਬੀਬੀ ਕੁਲਦੀਪ ਕੌਰ, ਭਰਾ ਸ. ਜਸਪਾਲ ਸਿੰਘ, ਭਰਾ ਜਸਵਿੰਦਰ ਸਿੰਘ ਅਤੇ ਭਰਾ ਪ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਹੁਰਾ ਸ. ਤਰਸੇਮ ਸਿੰਘ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖ਼ਸ਼ੇ।