
ਮੰਡੀ ਗੋਬਿੰਦਗੜ੍ਹ/ਅਮਲੋਹ, 16 ਅਕਤੂਬਰ (ਪਰਮਜੀਤ, ਰਣਧੀਰ ਸਿੰਘ) : ਕੋਈ ਸਮਾਂ ਸੀ ਜਦੋਂ ਸਾਡੇ ਪੰਜਾਬੀ ਗੱਭਰੂ ਅਪਣੀ ਚੰਗੀ ਸਿਹਤ ਲਈ ਦੁਨੀਆਂ ਭਰ 'ਚ ਪਛਾਣੇ ਜਾਂਦੇ ਸਨ, ਪਰ ਅੱਜ ਅਸੀਂ ਜਿਸ ਤੇਜ਼ੀ ਨਾਲ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਹਾਂ ਉਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਹੱਲ ਲਈ ਸਭਨਾਂ ਨੂੰ ਇਕਜੁਟ ਹੋ ਕੇ ਸੋਚਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੇਸ਼ ਭਗਤ ਯੂਨੀਵਰਸਟੀ ਵਿਖੇ ਗਰੀਨ ਦੀਵਾਲੀ ਮਨਾਉਣ ਸਬੰਧੀ ਕਰਵਾਏ ਗਏ ਸੈਮੀਨਾਰ 'ਜਨਤਕ ਤਾਲਮੇਲ ਸਭਾ' ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ 'ਚ ਪ੍ਰਦੂਸ਼ਣ ਇਸ ਹੱਦ ਤਕ ਵੱਧ ਚੁੱਕਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਅਤੇ ਜੇ ਅਸੀਂ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਹੁਣੇ ਤੋਂ ਕੁਝ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਜੋ ਕਿ ਪਹਿਲਾਂ ਹੀ ਕਾਫੀ ਪ੍ਰਦੂਸ਼ਣ ਵਾਲਾ ਸ਼ਹਿਰ ਹੈ ਅਤੇ ਦੀਵਾਲੀ ਦੇ ਦਿਨਾਂ 'ਚ ਇਸ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ।ਸ. ਪੰਨੂ ਨੇ ਕਿਹਾ ਕਿ ਵੱਧ ਰਿਹਾ ਪ੍ਰਦੂਸ਼ਣ ਸਿਰਫ਼ ਬਜ਼ੁਰਗਾਂ ਜਾਂ ਬੱਚਿਆਂ 'ਤੇ ਹੀ ਨਹੀਂ ਸਗੋਂ ਇਹ ਗਰਭਵਤੀ ਔਰਤਾਂ ਅਤੇ ਕੁੱਖ ਵਿਚ ਪਲ ਰਹੇ ਬੱਚਿਆਂ ਲਈ ਵੀ ਕਾਫੀ ਘਾਤਕ ਹੈ, ਕਿਉਂਕਿ ਪ੍ਰਦੂਸ਼ਣ ਨਾਲ ਬੀਮਾਰੀਆਂ ਤਾਂ ਹੁੰਦੀਆਂ ਹੀ ਹਨ ਸਗੋਂ ਕੁੱਖ 'ਚ ਪਲ ਰਹੇ ਬੱਚਿਆਂ ਦਾ ਬੌਧਿਕ ਵਿਕਾਸ ਵੀ ਰੁੱਕ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦੀਵਾਲੀ ਵਾਲੇ ਦਿਨ ਜੋ ਸ਼ਾਮ 6:30 ਤੋਂ ਰਾਤ 9:30 ਵਜੇ ਤਕ ਜੋ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ, ਉਸ ਦੀ ਸਾਨੂੰ ਸਭ ਨੂੰ ਪਾਲਣਾ ਕਰਨੀ ਚਾਹੀਦੀ ਹੈ। ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਹੀ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜੇ ਕਿਸਾਨ ਪਰਾਲੀ ਨੂੰ ਖੇਤਾਂ 'ਚ ਹੀ ਵਾਹੁਣ ਲੱਗ ਜਾਣ ਤਾਂ ਇਸ ਨਾਲ ਜਿਥੇ ਉਨ੍ਹਾਂ ਦੇ ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ। ਇਸ ਮੌਕੇ ਐਸ.ਡੀ.ਐਮ. ਅਮਲੋਹ ਜਸਪ੍ਰੀਤ ਸਿੰਘ, ਯੂਨੀਵਰਸਟੀ ਦੇ ਉਪ ਕੁਲਪਤੀ ਡਾ. ਵਰਿੰਦਰ ਸਿੰਘ, ਵਾਈਸ ਪ੍ਰੈਜੀਡੈਂਟ ਇੰਜ. ਸੰਦੀਪ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਇੰਜਨੀਅਰ ਕਰਨੇਸ਼ ਗਰਗ, ਐਸ.ਈ. ਕੁਲਵੰਤ ਸਿੰਘ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਪ੍ਰਧਾਨ ਪੂਨਮ ਜਿੰਦਲ, ਕਾਰਜ ਸਾਧਕ ਅਫਸਰ ਕੇ.ਐਸ. ਬਰਾੜ, ਵਾਤਾਵਰਣ ਇੰਜਨੀਅਰ ਰਾਕੇਸ਼ ਕੁਮਾਰ ਨਈਅਰ, ਐਸ.ਡੀ.ਓ. ਜੀ.ਡੀ. ਗਰਗ, ਜ਼ਿਲ੍ਹਾ ਸਿਖਿਆ ਅਫ਼ਸਰ ਸੈਕੰਡਰੀ ਪਰਮਿੰਦਰ ਕੌਰ ਸਿੱਧੂ, ਡਾ. ਕੇ.ਐਲ. ਮੱਟੂ ਨੇ ਵੀ ਪਟਾਖੇ ਚਲਾਉਣ ਨਾਲ ਹੁੰਦੇ ਪ੍ਰਦੂਸ਼ਣ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿਤੀ। ਇਸ ਮੌਕੇ ਵੱਡੀ ਗਿਣਤੀ 'ਚ ਯੂਨੀਵਰਸਟੀ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।