
ਚੰਡੀਗੜ੍ਹ, 14 ਅਕਤੂਬਰ (ਸ.ਸ.ਸ.): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਸ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਨੋਟੀਫ਼ੀਕੇਸ਼ਨ ਭਾਰਤੀ ਚੋਣ ਕਮਿਸ਼ਨ ਕੋਲ ਪ੍ਰਵਾਨਗੀ ਲਈ ਭੇਜਣ ਦੇ ਮਾਮਲੇ 'ਤੇ ਚਲੀ ਹੋਈ ਇਕ ਹੋਰ ਚਾਲ ਜਨਤਾ ਸਾਹਮਣੇ ਬੇਨਕਾਬ ਹੋ ਗਈ ਹੈ ਤੇ ਉਸ ਨੂੰ ਹੁਣ ਬਿਨਾਂ ਦੇਰੀ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਰਾਸ਼ੀ ਦੀ ਅਦਾਇਗੀ ਸ਼ੁਰੂ ਕਰਨੀ ਚਾਹੀਦੀ ਹੈ।ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਤੇ ਬੁਲਾਰੇ ਐਨ ਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫ਼ੀ ਦੇ ਨੋਟੀਫ਼ੀਕੇਸ਼ਨ ਲਈ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਦਾ ਡਰਾਮਾ ਇਸ ਕਰ ਕੇ
ਰਚਿਆ ਸੀ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਇਸ ਦੀ ਲੀਡਰਸ਼ਿਪ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਵੋਟਾਂ ਮੰਗਣ ਪਿੰਡਾਂ ਵਿਚ ਪਈ ਤਾਂ ਲੋਕ ਉਸ ਤੋਂ ਜਵਾਬ ਮੰਗਣਗੇ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਨੇ ਅਪਣੇ ਵਲੋਂ ਚਲਾਕੀ ਭਰੀ ਚਾਲ ਚੱਲੀ ਸੀ ਪਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਯੋਜਨਾ 'ਤੇ ਇਸ ਦੇ ਥੋਥੇ ਦਾਅਵੇ ਜਨਤਾ ਸਾਹਮਣੇ ਬੇਨਕਾਬ ਹੋ ਗਏ ਹਨ। ਸ਼ਰਮਾ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਵਾਅਦਾ ਮਨਪ੍ਰੀਤ ਸਿੰਘ ਬਾਦਲ ਵਲੋਂ ਚੋਣ ਮਨੋਰਥ ਪੱਤਰ ਵਿਚ ਕੀਤਾ ਗਿਆ ਸੀ ਜੋ ਨਾ ਸਿਰਫ਼ ਰਾਜ ਦੇ ਕਿਸਾਨਾਂ ਨੂੰ ਅਤਿ ਜ਼ਰੂਰੀ ਲੋੜੀਂਦੀ ਰਾਹਤ ਦੇਣ ਵਿਚ ਬੁਰੀ ਤਰ੍ਹਾਂ ਅਸਫ਼ਲ ਹੋਏ ਹਨ ਬਲਕਿ ਉਹ ਕਾਂਗਰਸ ਪਾਰਟੀ ਦੀ ਬਜਰ ਗ਼ਲਤੀ ਕਾਰਨ ਆਤਮ ਹਤਿਆਵਾਂ ਦੇ ਰਾਹ ਪਏ ਕਿਸਾਨਾਂ ਦੇ ਪਰਵਾਰਾਂ ਵਿਚੋਂ ਕਿਸੇ ਇਕ ਪਰਵਾਰ ਕੋਲ ਵੀ ਜਾਣ ਵਿਚ ਅਸਫ਼ਲ ਰਹੇ ਹਨ।