
ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਜਾਂਦੇ ਹੋਏ ਫੜੇ ਗਏ 100 ਪ੍ਰਵਾਸੀਆਂ ਦੇ ਸਮੂਹ ਵਿਚ 17 ਭਾਰਤੀ ਨਾਗਰਿਕ ਵੀ ਸ਼ਾਮਲ ਹਨ।
ਨਿਊਯਾਰਕ - ਜ਼ਿਆਦਾਤਰ ਪ੍ਰਵਾਸੀ ਅਕਸਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਹੁਣ ਕੈਲੀਫੋਰਨੀਆ ਦੀ ਇਕ ਸਰਹੱਦੀ ਚੌਕੀ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਜਾਂਦੇ ਹੋਏ ਫੜੇ ਗਏ 100 ਪ੍ਰਵਾਸੀਆਂ ਦੇ ਸਮੂਹ ਵਿਚ 17 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਇੰਪੀਰੀਅਲ ਬੀਚ ਸਟੇਸ਼ਨ ਤੋਂ ਸੈਨ ਡਿਏਗੋ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਮੰਗਲਵਾਰ ਸਵੇਰੇ ਲਗਭਗ 2 ਵਜੇ 100 ਪ੍ਰਵਾਸੀਆਂ ਦੇ ਸਮੂਹ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿਚ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ। ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਏਜੰਟਾਂ ਨੇ ਬਾਰਡਰ ਫੀਲਡ ਸਟੇਟ ਪਾਰਕ ਤੋਂ ਅੱਧਾ ਮੀਲ ਪੂਰਬ ਵੱਲ ਵਾੜ 'ਤੇ ਗੈਰ-ਕਾਨੂੰਨੀ ਤੌਰ 'ਤੇ ਚੜ੍ਹਨ ਵਾਲੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਦਾ ਸਾਹਮਣਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਮੂਹ ਵਿਚ ਜ਼ਿਆਦਾਤਰ ਗੈਰ-ਸਪੈਨਿਸ਼ ਬੋਲਣ ਵਾਲੇ ਪ੍ਰਵਾਸੀ ਸਨ, ਜਿਨ੍ਹਾਂ ਨੂੰ ਅਨੁਵਾਦ ਸਹਾਇਤਾ ਲਈ ਬਾਰਡਰ ਪੈਟਰੋਲ ਏਜੰਟਾਂ ਦੀ ਲੋੜ ਹੁੰਦੀ ਹੈ। ਸਾਰੇ ਵਿਅਕਤੀਆਂ ਨੂੰ ਨੇੜਲੇ ਸਟੇਸ਼ਨ 'ਤੇ ਲਿਜਾਇਆ ਗਿਆ, ਜਿੱਥੇ ਮੈਡੀਕਲ ਕਰਮਚਾਰੀਆਂ ਦੁਆਰਾ ਉਨ੍ਹਾਂ ਦਾ ਡਾਕਟਰੀ ਮੁਲਾਂਕਣ ਕੀਤਾ ਗਿਆ।
ਸਮੂਹ ਵਿਚ 79 ਇਕੱਲੇ ਬਾਲਗ, 18 ਪਰਿਵਾਰਕ ਯੂਨਿਟ ਦੇ ਮੈਂਬਰ ਅਤੇ ਤਿੰਨ ਨਾਬਾਲਗ ਸ਼ਾਮਲ ਹਨ।
ਇਹਨਾਂ ਵਿਚ ਸੋਮਾਲੀਆ ਦੇ 37, ਭਾਰਤ ਦੇ 17, ਅਫ਼ਗਾਨਿਸਤਾਨ ਦੇ 6, ਬ੍ਰਾਜ਼ੀਲ ਦੇ 3, ਪਾਕਿਸਤਾਨ ਦੇ 4 ਨਾਗਰਿਕਾਂ ਸਮੇਤ 12 ਹੋਰ ਦੇਸ਼ਾਂ ਦੇ ਨਾਗਰਿਕ ਸਨ। ਜ਼ਿਕਰਯੋਗ ਹੈ ਕਿ 2022 ਵਿੱਤੀ ਸਾਲ ਲਈ ਸੈਨ ਡਿਏਗੋ ਸੈਕਟਰ ਵਿਚ ਫੜੇ ਗਏ 145,618 ਪ੍ਰਵਾਸੀਆਂ ਵਿਚੋਂ 44,444 ਵਿਚ ਮੈਕਸੀਕੋ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਸ਼ਾਮਲ ਸਨ।