
ਕਿਹਾ- ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ
ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ਵਿਚ ਵਿਧਾਇਕਾ ਰਚਨਾ ਸਿੰਘ ਨੇ ਪੰਜਾਬ ਦਿਵਸ ਮੌਕੇ ਪੰਜਾਬੀ ਵਿਚ ਭਾਸ਼ਣ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਪੰਜਾਬ ਦਿਵਸ ਹੈ ਅਤੇ ਪਹਿਲੀ ਨਵੰਬਰ 1966 ਨੂੰ ਪੰਜਾਬ ਸੂਬਾ ਬਣਿਆ ਸੀ। ਇਸ ਲਈ ਮੈਂ ਪੰਜਾਬੀ ਵਿਚ ਕੁਝ ਸ਼ਬਦ ਕਹਿਣਾ ਚਾਹੁੰਦੀ ਹਾਂ।
ਰਚਨਾ ਸਿੰਘ ਨੇ ਕਿਹਾ, ‘ਮੈਨੂੰ ਪੰਜਾਬੀ ਹੋਣ ’ਤੇ ਮਾਣ ਹੈ ਅਤੇ ਕੈਨੇਡਾ ’ਤੇ ਵੀ ਪੂਰਾ ਮਾਣ ਹੈ, ਜਿਸ ਨੇ ਮੇਰੀ ਮਾਂ ਬੋਲੀ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਦਿੱਤਾ’। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕੈਨੇਡਾ ਦੇ ਮੂਲ ਨਿਵਾਸੀਆਂ ਨਾਲ ਡਟ ਕੇ ਖੜ੍ਹੀ ਹੈ, ਜਿਹੜੇ ਆਪਣੀ ਮਾਤ ਭਾਸ਼ਾ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੇ ਇਸ ਭਾਸ਼ਣ ਦਾ ਵਿਧਾਇਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।
ਸੂਬੇ ਦੀ ਵਿਧਾਨ ਸਭਾ ਵਿਚ ਪੰਜਾਬੀ ਵਿਚ ਭਾਸ਼ਣ ਦੇ ਕੇ ਰਚਨਾ ਸਿੰਘ ਨੇ ਆਪਣਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖਵਾ ਦਿੱਤਾ ਹੈ। ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਵਿਧਾਇਕ ਨੇ ਪੰਜਾਬੀ ਵਿਚ ਗੱਲ ਕੀਤੀ ਹੋਵੇ।
ਜ਼ਿਕਰਯੋਗ ਹੈ ਕਿ ਰਚਨਾ ਸਿੰਘ ਜਗਰਾਉਂ ਦੇ ਪਿੰਡ ਭੰਮੀਪੁਰਾ ਦੇ ਡਾ, ਰਘਵੀਰ ਸਿੰਘ ਸਿਰਜਣਾ ਦੀ ਧੀ ਹੈ। ਉਹ ਪਹਿਲੀ ਵਾਰ 2017 ਵਿਚ ਵਿਧਾਇਕਾ ਚੁਣੇ ਗਏ ਸਨ। ਇਸ ਮਗਰੋਂ ਨਵੰਬਰ 2020 ਵਿਚ ਉਹਨਾਂ ਨੂੰ ਨਸਲਵਾਦ ਵਿਰੋਧੀ ਮਾਮਲਿਆਂ ਦੀ ਸੰਸਦੀ ਸਕੱਤਰ ਬਣਾਇਆ ਗਿਆ।