
ਸਿੱਖ ਸਦਭਾਵਨਾ ਦਲ ਨੇ ਕਿਹਾ, ‘ਸਿੱਖ ਕਾਮਿਆਂ ਨੂੰ ਧਰਮ ਅਤੇ ਨੌਕਰੀ ’ਚੋਂ ਕਿਸੇ ਇਕ ਦੀ ਚੋਣ ਲਈ ਕੀਤਾ ਜਾਂਦਾ ਹੈ ਮਜਬੂਰ’
Canada News: ਕੈਨੇਡੀਅਨ ਸਿੱਖਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹੈਲਮੇਟ ਤੋਂ ਛੋਟ ਦੇਣ ਦੀ ਬੇਨਤੀ ਕੀਤੀ ਹੈ। ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ ਨੇ ਕਿਹਾ, "ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਵੱਡੀ ਗਿਣਤੀ ਵਿਚ ਸਿੱਖ ਆਬਾਦੀ ਦੇਸ਼ ਦੀਆਂ ਬੰਦਰਗਾਹਾਂ, ਇੰਜੀਨੀਅਰਿੰਗ ਅਤੇ ਉਸਾਰੀ ਵਾਲੀਆਂ ਥਾਵਾਂ 'ਤੇ ਕੰਮ ਕਰਦੀ ਹੈ, ਜਿਥੇ ਸੁਰੱਖਿਆ ਕਾਨੂੰਨ ਉਨ੍ਹਾਂ ਨੂੰ ਲੋਹ ਟੋਪ ਜਾਂ ਹੈਲਮੇਟ ਪਹਿਨਣ ਲਈ ਮਜਬੂਰ ਕਰਦੇ ਹਨ, ਹਾਲਾਂਕਿ ਨਿਯਮ ਉਨ੍ਹਾਂ ਦੇ ਦਸਤਾਰ ਪਹਿਨਣ ਦੇ ਧਾਰਮਿਕ ਅਧਿਕਾਰਾਂ ਦੇ ਵਿਰੁਧ ਹੈ”।
ਉਨ੍ਹਾਂ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਚ ਹੈਲਮੇਟ ਨਿਯਮ ਸਿੱਖ ਕਾਮਿਆਂ ਨੂੰ ਅਪਣੇ ਧਰਮ ਅਤੇ ਨੌਕਰੀ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਧਾਰਮਿਕ ਆਜ਼ਾਦੀ ਵਿਚ ਅੰਤਰ ਪੈਦਾ ਹੁੰਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਦੋਂ ਭਾਰਤੀ ਫੌਜ ਨੇ ਅਪਣੇ ਸਿੱਖ ਸੈਨਿਕਾਂ ਨੂੰ ਹੈਲਮੇਟ ਪਹਿਨਣਾ ਲਾਜ਼ਮੀ ਕੀਤਾ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਹੋਰ ਸਿੱਖ ਸੰਸਥਾਵਾਂ ਨਾਲ ਇਸ ਦਾ ਵਿਰੋਧ ਕੀਤਾ ਸੀ, ਤਾਂ ਫ਼ੌਜ ਨੇ ਦਲੀਲ ਦਿਤੀ ਸੀ ਕਿ ਨਵੇਂ ਹਾਈਟੈਕ ਹੈਲਮੇਟ ਸੈਨਿਕਾਂ ਦੇ ਹਥਿਆਰਾਂ ਦਾ ਹਿੱਸਾ ਹਨ।
ਵਡਾਲਾ ਨੇ ਕਿਹਾ ਕਿ ਕਈ ਥਾਵਾਂ 'ਤੇ ਸਿੱਖਾਂ ਨੂੰ ਅਪਣੀ ਪੱਗ ਉੱਪਰੋਂ ਹੈਲਮੇਟ ਪਹਿਨਣਾ ਪੈਂਦਾ ਹੈ ਪਰ ਇਸ ਵਿਰੁਧ ਕਾਨੂੰਨੀ ਚੁਣੌਤੀ ਅਦਾਲਤ 'ਚ ਖਾਰਜ ਕਰ ਦਿਤੀ ਗਈ। ਕੁੱਝ ਸਿਖ ਸੰਸਥਾਵਾਂ ਨੇ ਹੈਲਮੇਟ ਨਿਯਮ ਦੀ ਵੀ ਸ਼ਲਾਘਾ ਕੀਤੀ, ਜੋ ਇਸ ਕੇਸ ਲਈ ਮੰਦਭਾਗਾ ਅਤੇ ਘਾਤਕ ਸਾਬਤ ਹੋਇਆ। ਇਸ ਲਈ ਹੁਣ ਟਰੂਡੋ ਨੂੰ ਸਿੱਖ ਭਾਵਨਾਵਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ।
(For more Punjabi news apart from Canada News Sikhs request Trudeau for helmet exemption , stay tuned to Rozana Spokesman)