
ਸਿੱਖ ਭਾਈਚਾਰੇ ਦੀ ਸੇਵਾ-ਭਾਵਨਾ ਦੀ ਹਰ ਪਾਸੇ ਤਾਰੀਫ਼
ਇੰਗਲੈਂਡ- ਸਿੱਖ ਕੌਮ ਜਿਥੇ ਵੀ ਹੋਵੇ ਆਪਣੀ ਸੇਵਾ ਭਾਵਨਾ ਅਤੇ ਹਰ ਇੱਕ ਦਾ ਸਾਥ ਦੇਣ ਨਾਲ ਸਾਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿਖਿਆ ਤੇ ਚਲਦੇ ਹੋਏ ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾ ਸਾਰੀ ਦੁਨੀਆ ਵਿਚ ਬਿਖੇਰਦੀ ਹੈ। ਇਹ ਸੁਨੇਹਾ ਕਦੇ ਖਾਲਸਾ ਏਡ ਬਣਕੇ ਤੇ ਕਦੇ ਕਿਸੇ ਹੋਰ ਰੂਪ ਵਿਚ ਦੁਨੀਆ ਨੂੰ ਮਹਾਨ ਸਿੱਖੀ ਵਿਰਸੇ ਤੋਂ ਜਾਣੂ ਕਰਵਾਉਂਦਾ ਹੈ।
ਦੱਸ ਦਈਏ ਕਿ ਸਿਆਲਾਂ ਵਿਚ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਰਾਤ ਦਾ ਤਾਪਮਾਨ 8 ਡਿਗਰੀ ਤੋਂ 15 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇੰਨੀ ਠੰਡੀ ਰਾਤ ਵਿਚ ਜੋ ਲੋਕ ਰਸਤਿਆਂ ਤੇ ਫੱਸ ਜਾਂਦੇ ਹਨ ਜਾਂ ਜਿਨਾਂ ਕੋਲ ਹੋਟਲਾਂ ਚ ਰੁਕਣ ਲਈ ਪੈਸੇ ਨਹੀਂ ਹੁੰਦੇ ਉਹਨਾਂ ਲੋਕਾਂ ਦੀ ਮਦਦ ਲਈ ਇੰਗਲੈਂਡ ਦੇ ਸਿੱਖਾਂ ਨੇ ਇਕ ਬੱਸ ਚਲਾਈ ਹੈ, ਜੋ ਇਹਨਾਂ ਲੋੜਵੰਦ ਲੋਕਾਂ ਨੂੰ ਸਹਾਰਾ ਦਿੰਦੀ ਹੈ, ਇਸ ਤੋਂ ਇਲਾਵਾ ਜੋ ਗਰੀਬ ਲੋਕ ਹਨ ਤੇ ਜਿਨਾਂ ਦੇ ਸਿਰ ਤੇ ਛੱਤ ਨਹੀਂ,ਇਹ ਬੱਸ ਉਹਨਾਂ ਨੂੰ ਵੀ ਰਾਤ ਕੱਟਣ ਨੂੰ ਛੱਤ ਦਿੰਦੀ ਹੈ।
ਇਹ ਬੱਸ ਰਾਤ ਨੂੰ ਸੜਕਾਂ ਤੇ ਨਿਕਲਦੀ ਹੈ ਤੇ ਬੇਸਹਾਰਿਆਂ ਦੀ ਮਦਦ ਕਰਦੀ ਹੈ। ਇਹ ਬੱਸ ਲੋਕਾਂ ਨੂੰ ਸਿਰਫ ਛੱਤ ਹੀ ਨਹੀਂ ਦਿੰਦੀ ਸਗੋਂ ਲੰਗਰ ਵੀ ਛਕਾਉਂਦੀ ਹੈ। ਲੋਕਾਂ ਦਾ ਸਹਾਰਾ ਬਣੀ ਇਹ ਬੱਸ 'ਗੁਰੂ ਨਾਨਕ ਲੰਗਰ' ਦੇ ਨਾਮ ਨਾਲ ਆਪਣੀ ਸੇਵਾ ਨਿਭਾਉਂਦੀ ਹੈ। ਬਾਬੇ ਨਾਨਕ ਦੀ ਸਿਖਿਆ ਤੇ ਚਲਦੇ ਹੋਏ ਇਹ ਬੱਸ ਕਿੰਨੇ ਹੀ ਲੋੜਵੰਦ, ਨਿਆਸਰੇ ਅਤੇ ਭੁੱਖਣ ਭਾਣਿਆ ਦਾ ਸਹਾਰਾ ਬਣਦੀ ਅਤੇ ਉਨ੍ਹਾਂ ਦਾ ਢਿੱਡ ਭਰਦੀ ਹੈ, ਅਜਿਹੀ ਹੀ ਸੇਵਾ ਭਾਵਨਾ ਸਦਕਾ ਸਿੱਖ ਕੌਮ ਸਮੁੱਚੀ ਦੁਨੀਆ ਦੇ ਦਿਲ ਤੇ ਰਾਜ ਕਰਦੀ ਹੈ। ਦੇਖੋ ਵੀਡੀਓ....