
ਜਤਿੰਦਰ ਸਿੰਘ ਆਪਣੇ ਪਿੱਛੇ ਪਤਨੀ ਅੰਮ੍ਰਿਤਪਾਲ ਕੌਰ, ਬੇਟਾ ਅਭਿਜੋਤ ਸਿੰਘ, ਬੇਟੀ ਸੁਖਲੀਨ ਕੌਰ ਨੂੰ ਛੱਡ ਗਿਆ ਹੈ।
ਚੰਡੀਗੜ੍ਹ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਜਤਿੰਦਰ ਸਿੰਘ ਸਾਲ 2019 ਦੌਰਾਨ ਬ੍ਰਾਜ਼ੀਲ ਗਿਆ ਸੀ। ਬੀਤੇ ਦਿਨੀਂ ਅਮਰੀਕਾ ਜਾਣ ਲਈ ਜੰਗਲ ਪਾਰ ਕਰਦੇ ਸਮੇਂ ਜਤਿੰਦਰ ਸਿੰਘ ਦੀ ਸਿਹਤ ਖ਼ਰਾਬ ਹੋ ਗਈ, ਮੌਕੇ ’ਤੇ ਸਿਹਤ ਸਹੂਲਤ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ (45) ਪੁੱਤਰ ਹਰਬੰਸ ਸਿੰਘ ਵਾਸੀ ਰੋਹੀ ਕੰਡਾ ਨੇੜੇ ਬਗ਼ੀਚੀ ਮੰਦਰ ਤਰਨਤਾਰਨ ਕੁਝ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਜੰਗਲ ਦਾ ਰਸਤਾ ਪਾਰ ਕਰਦੇ ਹੋਏ ਅਮਰੀਕਾ ਜਾਣ ਲਈ ਪੈਦਲ ਰਵਾਨਾ ਹੋਇਆ ਸੀ। ਜਤਿੰਦਰ ਸਿੰਘ ਆਪਣੇ ਪਿੱਛੇ ਪਤਨੀ ਅੰਮ੍ਰਿਤਪਾਲ ਕੌਰ, ਬੇਟਾ ਅਭਿਜੋਤ ਸਿੰਘ, ਬੇਟੀ ਸੁਖਲੀਨ ਕੌਰ ਨੂੰ ਛੱਡ ਗਿਆ ਹੈ। ਇਸ ਖ਼ਬਰ ਤੋਂ ਬਾਅਦ ਜਤਿੰਦਰ ਸਿੰਘ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।