
4 ਮਹੀਨੇ ਪਹਿਲਾਂ ਹੀ ਵਰਕ ਪਰਮਿਟ 'ਤੇ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ
ਅੰਮ੍ਰਿਤਸਰ: ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।
ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿਥੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ 4 ਮਹੀਨੇ ਪਹਿਲਾਂ ਹੀ 40 ਲੱਖ ਲਗਾ ਕੇ ਕੈਨੇਡਾ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ 4 ਅਕਤੂਬਰ ਤੋਂ ਕੈਨੇਡਾ ਵਿਚ ਲਾਪਤਾ ਸੀ ਜਿਥੇ ਪੁਲਿਸ ਨੂੰ ਅੱਜ ਉਸ ਦੀ ਭੇਦਭਰੇ ਹਾਲਾਤ ਵਿਚ ਲਾਸ਼ ਮਿਲੀ ਹੈ। ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।