
ਯੂਕੇ ਦੀ ਇਕ ਸਿੱਖ ਸੰਸਥਾ ਨੇ ਪਾਕਿ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ 30 ਸਾਲ ਤੋਂ ਘੱਟ ਉਮਰ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਵਿਚ ਸ਼ਾਮਲ ਕੀਤਾ ਹੈ
ਇਸਲਾਮਾਬਾਦ: ਯੂਕੇ ਦੀ ਇਕ ਵਿਸ਼ਵਵਿਆਪੀ ਸਿੱਖ ਸੰਸਥਾ ਨੇ ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ 30 ਸਾਲ ਤੋਂ ਘੱਟ ਉਮਰ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਵਿਚ ਸ਼ਾਮਲ ਕੀਤਾ ਹੈ। ਮਨਮੀਤ ਕੌਰ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਉਸ ਦਾ ਨਾਮ ਵਿਸ਼ਵ ਭਰ ਦੀਆਂ 100 ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ ਵਿਚ ਸ਼ਾਮਲ ਕੀਤਾ ਗਿਆ ਹੈ।
Photo
ਉਨ੍ਹਾਂ ਕਿਹਾ, ਮੇਰੇ ਪਰਿਵਾਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਬ੍ਰਿਟੇਨ ਦਾ ਦੌਰਾ ਕਰਨਗੇ ਅਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨਗੇ।ਪਾਕਿਸਤਾਨ ਵਿਚ ਪੇਸ਼ਾਵਰ ਤੋਂ ਸਿੱਖ ਭਾਈਚਾਰੇ ਦੀ ਪਹਿਲੀ ਮਹਿਲਾ ਪੱਤਰਕਾਰ 25 ਸਾਲਾ ਮਨਮੀਤ ਕੌਰ ਨੂੰ ਯੂਕੇ ਵਿਚ ਇਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
Photo
ਯੂਕੇ ਵਿਚ ‘ਦਿ ਸਿੱਖ ਗਰੁੱਪ’ ਨੇ ਉਹਨਾਂ ਨੂੰ ਖੈਬਰ ਪਖਤੂਨਖਵਾ ਵਿਚ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਲਈ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਉਹ ਅਗਲੇ ਸਾਲ ਬ੍ਰਿਟੇਨ ਵਿਚ ਇਕ ਸਮਾਰੋਹ ਦੌਰਾਨ ਆਪਣਾ ਪੁਰਸਕਾਰ ਪ੍ਰਾਪਤ ਕਰੇਗੀ।
Photo
ਮਨਮੀਤ ਕੌਰ ਨੇ ਦੱਸਿਆ ਕਿ ‘ਦਿ ਸਿੱਖ ਗਰੁੱਪ’ ਇਕ ਵਿਸ਼ਵਵਿਆਪੀ ਸੰਸਥਾ ਹੈ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਨਮਾਨਿਤ ਕਰਦੀ ਹੈ। ਮਨਮੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਪਾਕਿਸਤਾਨ ਵਿਚ ਅੰਤਰ-ਵਿਸ਼ਵਾਸ ਸਦਭਾਵਨਾ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਲਈ ਕੰਮ ਕੀਤਾ ਹੈ।
Photo
ਮਨਮੀਤ ਕੌਰ ਨੇ ਪੇਸ਼ਾਵਰ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਮਨਮੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹਨਾਂ ਮੁਸ਼ਕਿਲਾਂ ਦਾ ਨਿਡਰਤਾ ਨਾਲ ਸਾਹਮਣਾ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ।