
1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਦੌਰਾਨ ਸੀਬੀਆਈ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ........
1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਦੌਰਾਨ ਸੀਬੀਆਈ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ, ਜਿਸ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਦੰਗਿਆਂ ਵਿਚ ਸੱਜਣ ਕੁਮਾਰ ਦੀ ਸ਼ਮੂਲੀਅਤ ਨੂੰ ਲੈ ਕੇ ਹੋਈ ਜਾਂਚ ਨਾਲ ਛੇੜਛਾੜ ਕੀਤੀ ਗਈ | ਇਸ ਮਾਮਲੇ ਵਿਚ CBI ਦਾ ਕਹਿਣਾ ਹੈ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਸ਼ਮੂਲੀਅਤ ਸਬੰਧੀ ਹੋਈ ਜਾਂਚ ਨਾਲ ਛੇੜਛਾੜ ਕੀਤੀ ਗਈ ਸੀ। ਸੀਬੀਆਈ ਮੁਤਾਬਕ ਇਸ ਛੇੜਛਾੜ ਨੂੰ ਰਾਜਸੀ ਆਗੂ ਦੇ ਹਿਤ ’ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਸੀਬੀਆਈ ਨੇ ਜਸਟਿਸ ਐੱਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਅਦਾਲਤ ਵਿੱਚ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਪੁਲੀਸ ਨੇ ਜਾਣ ਬੁੱਝ ਕੇ 1984 ਦੰਗਿਆਂ ਦੇ ਸਬੰਧ ਵਿੱਚ ਦਰਜ ਐੱਫਆਈਆਰਜ਼ ਉੱਤੇ ਕਾਰਵਾਈ ਨਹੀਂ ਕੀਤੀ ਅਤੇ ਆਰੋਪੀਆਂ ਨੂੰ ਸਮਾਂ ਦਿੱਤਾ ਕਿ ਉਹ ਪੀੜਤਾਂ ਤੱਕ ਪਹੁੰਚ ਕਰਕੇ ਮਾਮਲੇ ਨੂੰ ਆਪਣੇ ਪੱਧਰ ਉੱਤੇ ਨਜਿੱਠ ਸਕਣ। ਇਸ ਤਰੀਕੇ ਨਾਲ ਪੁਲੀਸ ਨੇ ਮੁਲਜ਼ਮਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਕੀਤੀ ਹੈ |
ਦੱਸ ਦੇਈਏ ਕਿ ਨਵੰਬਰ 1984 ਦੇ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਅਦਾਲਤ ਨੇ ਦਿੱਲੀ ਕੰਨਟੋਨਮੈਂਟ ਦੇ ਰਾਜਨਗਰ ਇਲਾਕੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਦੇ ਲਈ ਜਲ ਸੈਨਾ ਦੇ ਸੇਵਾਮੁਕਤ ਕੈਪਟਨ ਭਾਗਮੱਲ, ਕਾਂਗਰਸ ਦੇ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਦੋ ਹੋਰਨਾਂ ਨੂੰ ਦੋਸ਼ੀ ਐਲਾਨਿਆ ਸੀ ਤੇ ਇਸ ਕੇਸ ਵਿੱਚ ਹੀ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ।