
ਪੰਜਾਬੀ ਮੂਲ ਦੇ ਡੇਲ ਮਾਣਕ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਦੇ ਚੀਫ ਹਨ।
ਵਿਕਟੋਰੀਆ: ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਵੱਸਦੇ ਪੰਜਾਬੀ ਆਪਣੀਆਂ ਪ੍ਰਾਪਤੀਆਂ ਨਾਲ ਦੇਸ਼ ਅਤੇ ਭਾਈਚਾਰੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਦੌਰਾਨ ਕੈਨੇਡਾ ਭਰ ’ਚ ਜਿੱਥੇ ਸੈਂਕੜੇ ਪੰਜਾਬੀ ਉੱਚ ਅਹੁਦਿਆਂ ’ਤੇ ਤੈਨਾਤ ਹਨ ਤਾਂ ਉੱਥੇ ਹੀ ਕਈ ਪੰਜਾਬੀ ਵੱਖ-ਵੱਖ ਸੂਬਿਆਂ ਦੇ ਪੁਲਿਸ ਮਹਿਕਮਿਆਂ ਵਿਚ ਸ਼ਾਨਦਾਰ ਸੇਵਾਵਾਂ ਦੇ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਕਈ ਸ਼ਹਿਰਾਂ ਵਿਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਵੱਡੇ ਅਹੁਦੇ ਸੰਭਾਲ ਰਹੇ ਹਨ।
ਪੰਜਾਬੀ ਮੂਲ ਦੇ ਡੇਲ ਮਾਣਕ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਦੇ ਚੀਫ ਹਨ। ਇਸ ਤੋਂ ਇਲਾਵਾ ਪੰਜਾਬਣ ਪੁਲਿਸ ਅਧਿਕਾਰੀ ਵੈਂਡੀ ਮਹਿਟ ਮੈਪਲ ਰਿੱਜ ਅਤੇ ਪਿੱਟ ਮੈਡੋਸ ਪੁਲਿਸ ਦੇ ਸੁਪਰਡੈਂਟ ਹਨ। ਉਹ ਕੈਨੇਡਾ ਦੇ ਇਤਿਹਾਸ ’ਚ 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਨਿਯੁਕਤ ਹੋਣ ਵਾਲੀ ਪਹਿਲੀ ਪੰਜਾਬਣ ਪੁਲਿਸ ਅਧਿਕਾਰੀ ਹੈ।
ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਔੜ ਨੇੜਲੇ ਪਿੰਡ ਮੱਲਪੁਰ ਦੇ ਦੇਵ ਚੌਹਾਨ ਰਿਚਮੰਡ ਪੁਲਿਸ ਵਿਚ ਸੁਪਰਡੈਂਟ ਹਨ। ਪੰਜਾਬ ਨਾਲ ਸਬੰਧਤ ਸਟੀਵ ਰਾਏ ਵੈਨਕੂਵਰ ਪੁਲਿਸ ਵਿਚ ਡਿਪਟੀ ਚੀਫ ਕਾਂਸਟੇਬਲ ਹਨ। ਹਰਜ਼ ਸਿੱਧੂ ਡੈਲਟਾ ਪੁਲਿਸ ਵਿਚ ਡਿਪਟੀ ਚੀਫ ਹਨ ਜਦਕਿ ਰਾਜ ਸੈਣੀ ਨੈਲਸਨ ਪੁਲਿਸ ਦੇ ਡਿਪਟੀ ਚੀਫ ਕਾਂਸਟੇਬਲ ਹਨ।