
42 ਸਾਲਾ ਧਾਲੀਵਾਲ ਨੇ ਹੈਰਿਸ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵਿੱਚ 10 ਸਾਲਾਂ ਤੱਕ ਡਿਊਟੀ ਨਿਭਾਈ।
ਹਿਊਸਟਨ - ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਦਸਤਾਰਧਾਰੀ ਸਿੱਖ ਅਮਰੀਕੀ ਅਧਿਕਾਰੀ ਸੰਦੀਪ ਧਾਲੀਵਾਲ ਦੇ 2019 ਵਿੱਚ ਹੋਏ ਕਤਲ ਵਿੱਚ ਇੱਥੋਂ ਦੀ ਇੱਕ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਿਊਸਟਨ ਵਿੱਚ ਹੈਰਿਸ ਕਾਉਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਨੇ ਰਾਬਰਟ ਸੋਲਿਸ (50) ਨੂੰ ਧਾਲੀਵਾਲ ਦੇ ਕਤਲ ਦਾ ਦੋਸ਼ੀ ਪਾਇਆ। 42 ਸਾਲਾ ਧਾਲੀਵਾਲ ਨੇ ਹੈਰਿਸ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵਿੱਚ 10 ਸਾਲਾਂ ਤੱਕ ਡਿਊਟੀ ਨਿਭਾਈ।
2015 ਵਿੱਚ, ਉਹ ਉਦੋਂ ਚਰਚਾ ਵਿੱਚ ਆਏ ਸੀ ਜਦੋਂ ਉਨ੍ਹਾਂ ਨੇ ਵਰਦੀ ਨਾਲ ਪੱਗ ਬੰਨ੍ਹਣ ਦੀ ਇਜਾਜ਼ਤ ਹਾਸਲ ਕੀਤੀ ਸੀ। 27 ਸਤੰਬਰ 2019 ਨੂੰ, ਧਾਲੀਵਾਲ ਨੂੰ ਡਿਊਟੀ ਦੌਰਾਨ ਇੱਕ ਹਮਲੇ 'ਚ ਕਤਲ ਕਰ ਦਿੱਤਾ ਗਿਆ ਸੀ। ਸੋਮਵਾਰ 17 ਅਕਤੂਬਰ ਨੂੰ ਜਦੋਂ ਜੱਜ ਨੇ ਫ਼ੈਸਲਾ ਸੁਣਾਇਆ ਤਾਂ ਧਾਲੀਵਾਲ ਦਾ ਪਰਿਵਾਰ ਵੀ ਅਦਾਲਤ 'ਚ ਮੌਜੂਦ ਸੀ। ਫ਼ੈਸਲਾ ਸੁਣਾਉਣ ਵਿੱਚ ਜੱਜ ਨੇ 30 ਮਿੰਟ ਤੋਂ ਵੀ ਘੱਟ ਸਮਾਂ ਲਾਇਆ।
ਸੋਲਿਸ ਨੇ ਵਕੀਲ ਨੂੰ ਹਟਾ ਕੇ ਅਦਾਲਤ ਵਿੱਚ ਖ਼ੁਦ ਆਪਣਾ ਕੇਸ ਪੇਸ਼ ਕੀਤਾ। ਉਸਨੇ ਜੱਜ ਨੂੰ ਕਿਹਾ, "ਕਿਉਂਕਿ ਤੁਸੀਂ ਮੰਨਦੇ ਹੋ ਕਿ ਮੈਂ ਕਤਲ ਦਾ ਦੋਸ਼ੀ ਹਾਂ, ਇਸ ਲਈ ਮੇਰਾ ਮੰਨਣਾ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਸੁਣਾਓਗੇ।" ਜੱਜ ਕ੍ਰਿਸ ਮੋਰਟਨ ਨੇ ਫ਼ੈਸਲਾ ਪੜ੍ਹਿਆ, ਅਤੇ ਸੋਲਿਸ ਨੇ ਸਿਰ ਹਿਲਾ ਕੇ ਫ਼ੈਸਲੇ 'ਤੇ ਹਾਮੀ ਭਰੀ। ਉਸ ਦਾ ਚਿਹਰਾ ਭਾਵਹੀਣ ਸੀ।