ਕਾਂਗਰਸ ਮੁਖੀ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਦੇ ਤਾਂ ਅਸੀਂ ਕਰਾਂਗੇ।
ਨਵੀਂ ਦਿੱਲੀ, ( ਭਾਸ਼ਾ ) : ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ ਗਿਆ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਸੰਸਦ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਹੋਣ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ 6 ਘੰਟੇ ਵਿਚ ਹੀ ਅਸੀਂ ਅਪਣਾ ਵਾਅਦਾ ਪੂਰਾ ਕੀਤਾ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਤਰ੍ਹਾਂ ਰਾਜਸਥਾਨ ਵਿਚ ਵੀ ਛੇਤੀ ਹੀ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ ਜਾਵੇਗਾ।
ਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਸਮੇਂ ਤੱਕ ਸੌਣ ਨਹੀਂ ਦੇਵਾਂਗੇ ਜਦ ਤਕ ਉਹ ਕਿਸਾਨਾਂ ਦਾ ਕਰਜ ਮਾਫ ਨਹੀਂ ਕਰ ਦਿੰਦੇ। ਰਾਹੁਲ ਦਾ ਕਹਿਣਾ ਹੈ ਕਿ ਸਾਰੇ ਵਿਪੱਖੀ ਦਲ ਇਕੱਠੇ ਮਿਲ ਕੇ ਇਸ ਦੀ ਮੰਗ ਕਰਨਗੇ। ਹੁਣ ਤੱਕ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਇਕ ਰੁਪਏ ਦੀ ਵੀ ਛੋਟ ਨਹੀਂ ਦਿਤੀ ਗਈ ਹੈ। ਰਾਹੁਲ ਨੇ ਕਿਹਾ ਕਿ ਮੋਦੀ ਜੀ ਹਿੰਦੂਸਤਾਨ ਬਣਾਉਂਦੇ ਹਨ। ਇਕ ਹਿੰਦੂਸਤਾਨ 20 ਲੋਕਾਂ ਦਾ ਅਤੇ ਇਕ ਗਰੀਬ ਲੋਕਾਂ ਦਾ। ਅਸੀਂ ਗਰੀਬਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਪੈਸਾ ਤੁਹਾਡਾ ਹੈ।
ਕਿਸਾਨ ਹੀ ਦੇਸ਼ ਨੂੰ ਅਨਾਜ ਦਿੰਦੇ ਹਨ। ਅਸੀਂ ਕਿਸਾਨਾਂ ਦੀ ਅਵਾਜ਼ ਨਰਿੰਦਰ ਮੋਦੀ ਤੱਕ ਜਰੂਰ ਪਹੁੰਚਾਵਾਂਗੇ। ਮੋਦੀ ਨੇ ਅਮੀਰਾਂ ਦਾ ਸਾਢੇ ਤਿੰਨ ਲੱਖ ਕਰੋੜ ਦਾ ਕਰਜ ਮਾਫ ਕਰ ਦਿਤਾ ਹੈ। ਅਨਿਲ ਅੰਬਾਨੀ ਦਾ 45 ਕਰੋੜ ਦਾ ਕਰਜ ਮਾਫ ਕਰ ਦਿਤਾ। ਫਿਰ ਮੋਦੀ ਨੇ ਕਿਸਾਨਾਂ ਦਾ ਕਰਜ ਮਾਫ ਕਿਉਂ ਨਹੀਂ ਕੀਤਾ ? ਕਾਂਗਰਸ ਮੁਖੀ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਦੇ ਤਾਂ ਅਸੀਂ ਕਰਾਂਗੇ।
ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਸੱਤਾ ਵਿਚ ਆਉਣ ਤੋਂ ਬਾਅਦ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਾਂਗੇ। ਹਿੰਦੂਸਤਾਨ ਦੀ ਜਨਤਾ ਅਤੇ ਇਥੇ ਦੇ ਦੁਕਾਨਦਾਰਾਂ ਨਾਲ ਚੋਰੀ ਕੀਤੀ ਗਈ ਹੈ। ਰਾਹੁਲ ਨੇ ਕਿਹਾ ਕਿ ਨੋਟਬੰਦੀ ਦਨੀਆ ਦਾ ਸੱਭ ਤੋਂ ਵੱਡਾ ਘਪਲਾ ਸੀ। ਇਸ ਦਾ ਮਕਸਦ ਇਹ ਸੀ ਗਰੀਬਾਂ ਤੋਂ ਪੈਸਾ ਖੋਹ ਲਵੋ ਅਤੇ ਅਪਣੇ ਦੋਸਤਾਂ ਵਿਚ ਵੰਡ ਦੇਵੋ।