ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 84 ਸਿੱਖ ਨਸਲਕੁਸ਼ੀ 'ਚ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ.......
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 84 ਸਿੱਖ ਨਸਲਕੁਸ਼ੀ 'ਚ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਦਿਤੀ ਗਈ ਉਮਰ ਕੈਦ ਦੀ ਸਜ਼ਾ ਨੇ ਕਾਂਗਰਸ ਦਾ ਅਸਲ ਚਿਹਰਾ ਨੰਗਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਕਾਂਗਰਸ ਸੱਜਣ ਕੁਮਾਰ ਨੂੰ ਬੇਕਸੂਰ ਦਸਦਿਆਂ ਬਚਾਉਂਦੀ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਸੰਦਰਭ 'ਚ ਕਾਂਗਰਸ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।
ਦਿੱਲੀ ਹਾਈਕੋਰਟ ਦੇ ਫ਼ੈਸਲੇ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਚੀਮਾ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ ਫ਼ੈਸਲਾ ਹੈ, ਬੇਸ਼ੱਕ ਸਿੱਖਾਂ ਨੂੰ ਇਨਸਾਫ਼ ਲੈਣ ਲਈ 34 ਸਾਲ ਦਾ ਸਮਾਂ ਲੱਗ ਗਿਆ ਪਰ ਇਹ ਫ਼ੈਸਲਾ ਸਿੱਖਾਂ ਨੂੰ ਰਾਹਤ ਦੇਣ ਵਾਲਾ ਹੈ। ਚੀਮਾ ਨੇ ਕਿਹਾ ਕਿ ਜੇਕਰ ਦੰਗਾ ਦੋਸ਼ੀਆਂ ਨੂੰ ਜਲਦ ਸਜ਼ਾ ਦਿਤੀ ਹੁੰਦੀ ਤਾਂ ਗੋਦਰਾ ਕਾਂਡ ਵਰਗੇ ਹੋਰ ਦੰਗੇ ਨਹੀਂ ਸਨ ਹੋਣੇ।
ਚੀਮਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ 31 ਮਾਰਚ, 2019 ਤੋਂ ਪਹਿਲਾਂ-ਪਹਿਲਾਂ ਰਾਜਸੀ ਆਗੂਆਂ ਨਾਲ ਜੁੜੇ ਸਾਰੇ ਕੇਸਾਂ ਦਾ ਨਿਪਟਾਰਾ ਕਰਨ ਦੇ ਹੁਕਮ ਦਿਤੇ ਹਨ ਜਿਸ ਦੇ ਸੰਦਰਭ ਵਿਚ ਇਹ ਫ਼ੈਸਲਾ ਆਇਆ ਹੈ। ਉਨ੍ਹਾਂ ਕਿਹਾ ਕਿ ਆਪ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਦਾ ਇਨਸਾਫ਼ ਮਾਰਚ ਬੁਰੀ ਤਰਾਂ ਫੇਲ੍ਹ ਹੋਇਆ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਵਲੋਂ ਬਣਾਏ ਫਰੰਟ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਤੇ ਪਾਰਟੀ ਦੇ ਕਾਨੂੰਨੀ ਸੈਲ ਦੇ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਤੇ ਹੋਰ ਹਾਜ਼ਰ ਸਨ।