
ਸੈਮੀ ਧਾਲੀਵਾਲ ਨੇ ਨਵਜੋਤ ਸਿੱਧੂ ਤੇ ਸੰਨੀ ਦਿਓਲ ਨੂੰ ਸੁਣਾ ਦਿੱਤੀਆਂ ਖ਼ਰੀਆਂ-ਖ਼ਰੀਆਂ
ਸਰੀਂ (ਕੈਨੇਡਾ): ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਹੁਣ ਬਹੁਤ ਸਾਰੇ ਗਾਇਕ ਵੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲੱਗੇ ਹਨ। ਪੰਜਾਬੀ ਗਾਇਕਾ ਸੈਮੀ ਧਾਲੀਵਾਲ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਂਦਿਆਂ ਜਿੱਥੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ 'ਤੇ ਤਿੱਖਾ ਨਿਸ਼ਾਨਾ ਸਾਧਿਆ, ਉਥੇ ਹੀ ਉਸ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ।
Sammy Dhaliwal
ਉਸ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਉਠਾਉਣ ਦੇ ਦਾਅਵੇ ਕਰਨ ਵਾਲਾ ਸੰਨੀ ਦਿਓਲ ਹੁਣ ਮੋਦੀ ਸਰਕਾਰ ਨਾਲ ਜਾ ਕੇ ਖੜ੍ਹਾ ਹੋ ਗਿਆ। ਇਸੇ ਤਰ੍ਹਾਂ ਨਵਜੋਤ ਸਿੱਧੂ 'ਤੇ ਹਮਲਾ ਬੋਲਦਿਆਂ ਸੈਮੀ ਧਾਲੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਕਿਸਾਨਾਂ ਦਾ ਸਮਰਥਨ ਨਹੀਂ ਹੋਣਾ, ਧਰਨਿਆਂ ਵਿਚ ਆ ਕੇ ਕਿਸਾਨਾਂ ਦਾ ਸਾਥ ਦਿਓ।
Sunny Deol
ਸੈਮੀ ਧਾਲੀਵਾਲ ਨੇ ਕਿਹਾ ਕਿਸਾਨਾਂ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆ ਰਿਹਾ ਹੈ ਤੇ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਈ ਵਾਰ ਤਾਂ ਰੱਬ ਵੀ ਕਿਸਾਨਾਂ ਨਾਲ ਧੱਕਾ ਕਰ ਜਾਂਦਾ ਹੈ। ਉਹਨਾਂ ਕਿਹਾ ਦੇਸ਼ ਵਿਚ ਕਈ ਸਰਕਾਰਾਂ ਆਈਆਂ, ਕਦੇ ਕਿਸੇ ਪਾਰਟੀ ਦੀ ਸਰਕਾਰ ਆਈ ਤਾਂ ਕਦੇ ਕਿਸੇ ਪਾਰਟੀ ਦੀ। ਪਰ ਦੇਸ਼ ਦਾ ਕਿਸਾਨ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਕਿਸਾਨ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ।
Punjab Farmer
ਉਹਨਾਂ ਕਿਹਾ ਕਿ ਸੰਨੀ ਦਿਓਲ ਨੇ ਵੋਟਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੂੰ ਭਾਵੂਕ ਕੀਤਾ ਤੇ ਦਾਅਵਾ ਕਰਦਾ ਰਿਹਾ ਕਿ ਉਹ ਕਿਸਾਨ ਦਾ ਪੁੱਤ ਹੈ। ਵੋਟਾਂ ਹਾਸਲ ਕਰਕੇ ਸੰਸਦ ਮੈਂਬਰ ਬਣਨ ਤੋਂ ਬਾਅਦ ਹੁਣ ਉਸ ਨੇ ਦੂਜੇ ਪਾਸੇ ਵੋਟ ਪਾ ਦਿੱਤੀ। ਇਸ ਤੋਂ ਇਲਾਵਾ ਸੈਮੀ ਧਾਲੀਵਾਲ ਨੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਵੀ ਉਸ ‘ਤੇ ਹਮਲਾ ਬੋਲਿਆ।
Navjot Singh Sidhu
ਸੈਮੀ ਧਾਲੀਵਾਲ ਨੇ ਪੰਜਾਬੀ ਗਾਇਕਾਂ ‘ਤੇ ਨਿਸ਼ਾਨਾ ਵਿੰਨਿਆ, ਉਹਨਾਂ ਕਿਹਾ ਜਿਹੜੇ ਗਾਇਕ ਗਾਣਿਆਂ ਵਿਚ ਕਹਿੰਦੇ ਹਨ ਕਿ ਜੱਟ ਕੋਲ ਘੋੜੇ ਹਨ, ਟਰੈਕਟਰ ਹਨ, ਥਾਰ ਹੈ, ਸ਼ੇਰ ਹੈ ਅੱਜ ਉਹ ਜੱਟ ਹੁਣ ਕਿੱਥੇ ਹੈ। ਹੁਣ ਉਹ ਧਰਨਿਆਂ ‘ਤੇ ਕਿਸਾਨਾਂ ਨਾਲ ਕਿਉਂ ਨਹੀਂ ਬੈਠ ਰਹੇ। ਸੈਮੀ ਧਾਲੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਇਸ ਕਾਨੂੰਨ ਨਾਲ ਸਿਰਫ਼ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ‘ਤੇ ਪ੍ਰਭਾਵ ਹੋਵੇਗਾ, ਇਸ ਦੇ ਲਈ ਹੁਣ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।