
ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਹੋਈਆਂ ਮਿਊਂਸੀਪਲ ਚੋਣਾਂ ਦੇ ਨਤੀਜੇ ਆ ਗਏ ਹਨ। ਇੱਥੇ ਕਈ ਪੰਜਾਬੀ ਜਿੱਤ ਹਾਸਲ ਕਰਨ ਤੋਂ ਪਿੱਛੇ ਰਹਿ ਗਏ ਤਾਂ ਕੋਈ ਜਿੱਤ ਦਾ ਰਿ...
ਬਰੈਂਪਟਨ : (ਸਸਸ) ਕੈਨੇਡਾ ਦੇ ਓਂਟਾਰੀਓ ਸੂਬੇ ‘ਚ ਹੋਈਆਂ ਮਿਊਂਸੀਪਲ ਚੋਣਾਂ ਦੇ ਨਤੀਜੇ ਆ ਗਏ ਹਨ। ਇੱਥੇ ਕਈ ਪੰਜਾਬੀ ਜਿੱਤ ਹਾਸਲ ਕਰਨ ਤੋਂ ਪਿੱਛੇ ਰਹਿ ਗਏ ਤਾਂ ਕੋਈ ਜਿੱਤ ਦਾ ਰਿਕਾਰਡ ਦਰਜ ਕਰਨ ‘ਚ ਸਫਲ ਰਿਹਾ। ਟੋਰਾਂਟੋ ‘ਚ ਸਿਰਫ਼ 4 ਪੰਜਾਬੀਆਂ ਨੂੰ ਹੀ ਸਫ਼ਲਤਾ ਮਿਲੀ ਹੈ। ਓਂਟਾਰੀਓ ਸੂਬੇ ਦੇ ਸ਼ਹਿਰ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ‘ਚ ਕੋਈ ਪੰਜਾਬੀ ਮੇਅਰ ਤਾਂ ਨਹੀਂ ਬਣਿਆ ਪਰ ਬਰੈਂਪਟਨ ਦੇ ਗੁਰਪ੍ਰੀਤ ਢਿੱਲੋਂ ਖੇਤਰੀ ਕੌਂਸਲਰ ਬਣੇ ਅਤੇ ਉਨ੍ਹਾਂ ਨੂੰ ਰਿਕਾਰਡ ਪੱਧਰ ‘ਤੇ ਵੋਟਾਂ ਮਿਲੀਆਂ। ਟੋਰਾਂਟੋ ਵਿਚ ਪਿਛਲੇ ਮੇਅਰ ਜੌਹਨ ਟੋਰੀ ਦੁਬਾਰਾ ਕੁਰਸੀ ‘ਤੇ ਬੈਠ ਗਏ ਹਨ।
Gurpreet Singh Dhillon
ਇਸੇ ਤਰ੍ਹਾਂ ਮਿਸੀਸਾਗਾ ਵਿਚ ਬੌਨੀ ਕਰੌਂਬੀ ਦੁਬਾਰਾ ਮੇਅਰ ਬਣ ਗਈ ਹੈ। ਬਰੈਂਪਟਨ ਦੀ ਪਿਛਲੀ ਮੇਅਰ ਲਿੰਦਾ ਜੈਫਰੀ 4 ਹਜ਼ਾਰ ਵੋਟਾਂ ਦੇ ਫਰਕ ਨਾਲ ਸਾਬਕਾ ਸੂਬਾਈ ਕੰਜ਼ਰਵੇਟਿਵ ਪਾਰਟੀ ਲੀਡਰ ਪੈਟਰਿਕ ਬਰਾਊਨ ਤੋਂ ਹਾਰ ਗਈ ਹੈ। ਬਰੈਂਪਟਨ ਦੇ ਵਾਰਡ 9-10 ਵਿਚ ਸਭ ਤੋਂ ਦਿਲਚਸਪ ਸਮਝੇ ਜਾਣ ਵਾਲੇ ਮੁਕਾਬਲੇ ਵਿਚ ਖੇਤਰੀ ਕੌਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਵਿੱਕੀ ਢਿੱਲੋਂ (ਸਾਬਕਾ ਕੌਂਸਲਰ) ਨੂੰ 9092 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਦਿੱਤਾ। ਪਿਛਲੀ ਵਾਰ ਗੁਰਪ੍ਰੀਤ ਢਿੱਲੋਂ ਪਹਿਲੀ ਵਾਰ ਕੌਂਸਲਰ ਬਣੇ ਸਨ।
Punjabi Ontario Election
ਇਸ ਵਾਰ ਉਨ੍ਹਾਂ ਨੇ ਪੂਰੇ ਓਂਟਾਰੀਓ ਵਿਚ 55.46 ਫ਼ੀਸਦ ਵੋਟਾਂ ਲੈ ਕੇ ਰਿਕਾਰਡ ਬਣਾਇਆ ਹੈ। ਇਸੇ ਵਾਰਡ ‘ਚ ਸਾਬਕਾ ਸਕੂਲ ਟਰੱਸਟੀ ਹਰਕੀਰਤ ਸਿੰਘ ਕੌਂਸਲਰ ਚੁਣੇ ਗਏ ਹਨ, ਉਨ੍ਹਾਂ 42.87 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ। ਇਸੇ ਵਾਰਡ ਵਿਚ ਬਲਬੀਰ ਸੋਹੀ ਨੇ ਸਕੂਲ ਟਰੱਸਟੀ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਪੱਤਰਕਾਰ ਸੱਤਪਾਲ ਜੌਹਲ ਸਣੇ 11 ਉਮੀਦਵਾਰਾਂ ਨੂੰ ਮਾਤ ਦਿੱਤੀ। ਮਿਸੀਸਾਗਾ ਵਿਚ ਸਾਬਕਾ ਮੰਤਰੀ ਦੀਪਿਕਾ ਦਮਰਲਾ ਤੇ ਓਕਵਿਲ ਤੋਂ ਜਸਵਿੰਦਰ ਸੰਧੂ ਕੌਂਸਲਰ ਜਿੱਤੇ ਹਨ। ਦੱਸਣਯੋਗ ਹੈ ਕਿ ਸਵਾ ਕਰੋੜ ਤੋਂ ਵੱਧ ਵਸੋਂ ਵਾਲੇ ਓਂਟਾਰੀਓ ਸੂਬੇ ਵਿਚ 444 ਨਗਰਪਾਲਿਕਾਵਾਂ ਹਨ।