
AFP ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਸ ਘਟਨਾ ਮਗਰੋਂ ਹਜ਼ਾਰਾਂ ਭਾਰਤੀ ਖੇਤ ਮਜ਼ਦੂਰਾਂ ਨੇ ਇਟਲੀ ਵਿਚ ਗੁਲਾਮੀ ਨੂੰ ਖਤਮ ਕਰਨ ਦੀ ਅਪੀਲ ਕੀਤੀ।
Italy News: ਇਟਲੀ ਵਿਚ ਕਿਰਤੀਆਂ ਨਾਲ ਦਿਨੋਂ ਦਿਨ ਵੱਧ ਰਹੇ ਮਾਲਕਾਂ ਦੇ ਸੋਸ਼ਣ ਨੂੰ ਲੈ ਕੇ ਭਾਰਤੀ ਮੂਲ ਦੇ ਲੋਕਾਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਨੇੜੇ ਇਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ। AFP ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਸ ਘਟਨਾ ਮਗਰੋਂ ਹਜ਼ਾਰਾਂ ਭਾਰਤੀ ਖੇਤ ਮਜ਼ਦੂਰਾਂ ਨੇ ਇਟਲੀ ਵਿਚ ਗੁਲਾਮੀ ਨੂੰ ਖਤਮ ਕਰਨ ਦੀ ਅਪੀਲ ਕੀਤੀ।
ਇਟਾਲੀਅਨ ਮਾਲਕ ਦੀ ਅਣਗਹਿਲੀ ਕਾਰਨ ਹੋਈ ਇਸ ਦਰਦਨਾਕ ਮੌਤ ਦੇ ਕਾਰਨ ਰੋਹ ਵਿਚ ਆਏ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵਲੋਂ ਇਟਲੀ ਦੀ ਸਿਰਮੌਰ ਜੱਥੇਬੰਦੀ ਸੀਜੀਆਈ ਐਲ ਦੇ ਝੰਡੇ ਹੇਠ ਲਾਤੀਨਾ ਦੇ ਡੀਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ।
ਲਾਤੀਨਾ ਰੋਮ ਦੇ ਦੱਖਣ ਵਿਚ ਇਕ ਪੇਂਡੂ ਖੇਤਰ ਹੈ ਜਿੱਥੇ ਹਜ਼ਾਰਾਂ ਭਾਰਤੀ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਇਟਲੀ ਸਥਿਤ ਭਾਰਤੀ ਦੂਤਾਵਾਸ ਨੇ ਸਤਨਾਮ ਸਿੰਘ ਦੀ ਮੌਤ ‘ਤੇ ਚਿੰਤਾ ਪ੍ਰਗਟਾਈ ਹੈ। ਭਾਰਤੀ ਦੂਤਾਵਾਸ ਨੇ ਟਵਿੱਟਰ 'ਤੇ ਇਕ ਬਿਆਨ 'ਚ ਕਿਹਾ ਕਿ ਦੂਤਾਵਾਸ ਨੂੰ ਇਟਲੀ ਦੇ ਲਾਤੀਨਾ 'ਚ ਇਕ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਦੀ ਸੂਚਨਾ ਮਿਲੀ ਹੈ। ਅਸੀਂ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਪਰਿਵਾਰ ਨਾਲ ਸੰਪਰਕ ਕਰਨ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਖ਼ਬਰਾਂ ਅਨੁਸਾਰ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਹਾਲ ਹੀ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਸਤਨਾਮ ਸਿੰਘ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਸਖਤ ਨਿੰਦਾ ਕੀਤੀ। ਦੱਸ ਦੇਈਏ ਕਿ ਇਟਲੀ ਦੀਆਂ ਕਈ ਟਰੇਡ ਯੂਨੀਅਨਾਂ ਨੇ ਇਸ ਘਟਨਾ ਨੂੰ ਬੇਰਹਿਮ ਦਸਿਆ ਹੈ। ਇਸ ਦੇ ਨਾਲ ਹੀ ਸਤਨਾਮ ਸਿੰਘ ਦੇ ਪਰਿਵਾਰ ਨੂੰ ਰਾਹਤ ਦੇਣ ਲਈ ਕਈ ਟਰੇਡ ਯੂਨੀਅਨਾਂ ਵੀ ਅੱਗੇ ਆਈਆਂ ਹਨ।