
ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਵਾਸ਼ਿੰਗਟਨ: ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਤੜਕੇ 3:30 ਵਜੇ ਦੇ ਕਰੀਬ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇਕ ਸਮਾਰਟ ਕਾਰ ਬਹੁਤ ਤੇਜ਼ੀ ਨਾਲ ਇਕ ਯੈਲੋ ਕੈਬ ਦੇ ਨਾਲ ਟਕਰਾਈ, ਜਿਸ ਕਾਰਨ ਟੈਕਸੀ ਚਾਲਕ ਨੌਜਵਾਨ ਦੀ ਮੌਤ ਹੋ ਗਈ।
ਟੈਕਸੀ ਚਾਲਕ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਪੈਂਦੇ ਧੂਰੀ ਦਾ ਰਹਿਣ ਵਾਲਾ ਸੀ। ਜਿਸ ਦੀ ਪਛਾਣ 28 ਸਾਲਾ ਸਨੇਹਪਾਲ ਸਿੰਘ ਰੰਧਾਵਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਨੇਹਪਾਲ ਸਿੰਘ ਆਪਣੀ ਸ਼ਿਫਟ ਖਤਮ ਕਰਨ ਹੀ ਵਾਲਾ ਸੀ ਕਿ ਇਹ ਹਾਦਸਾ ਵਾਪਰ ਗਿਆ। ਜਾਣਕਾਰਾਂ ਮੁਤਾਬਕ ਸਨੇਹਪਾਲ ਕੁਝ ਸਾਲ ਪਹਿਲਾਂ ਹੀ ਪੰਜਾਬ ਦੇ ਧੂਰੀ ਇਲਾਕੇ ਤੋਂ ਸਟੂਡੈਂਟ ਵੀਜ਼ੇ ਰਾਹੀਂ ਕੈਨੇਡਾ ਆਇਆ ਸੀ ਅਤੇ ਕੁਝ ਸਮਾਂ ਪਹਿਲਾਂ ਪੱਕਾ ਹੋ ਕੇ ਪੰਜਾਬ ਵਿਆਹ ਕਰਵਾ ਕੇ ਆਇਆ ਸੀ।
ਦੱਸਿਆ ਗਿਆ ਹੈ ਕਿ ਇਹ ਨੌਜਵਾਨ ਲੂਮੀਜ਼ ਦਾ ਡਲਿਵਰੀ ਟਰੱਕ ਚਲਾਉਂਦਾ ਸੀ ਅਤੇ ਨਾਲ ਦੋ ਦਿਨ ਟੈਕਸੀ ਚਲਾਇਆ ਕਰਦਾ ਸੀ। ਪੁਲਿਸ ਮੁਤਾਬਕ Car2go ਤੋਂ ਕਿਰਾਏ 'ਤੇ ਲਈ ਸਮਾਰਟ ਕਾਰ ਦਾ ਨੌਜਵਾਨ ਚਾਲਕ ਸ਼ਰਾਬੀ ਸੀ, ਜੋ ਪਿੱਛੇ ਲੱਗੇ ਨਾਕੇ ਤੋਂ ਵੀ ਗੱਡੀ ਭਜਾ ਕੇ ਲਿਆਇਆ ਅਤੇ ਫਿਰ ਲਾਲ ਬੱਤੀ ਦੀ ਉਲੰਘਣਾ ਕਰ ਕੇ ਟੈਕਸੀ ਨਾਲ ਟਕਰਾਇਆ।
ਉਸ ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਹੈ ਜਦਕਿ ਟੈਕਸੀ ਵਿਚਲੇ ਦੋ ਸਵਾਰਾਂ ਦੇ ਵੀ ਸੱਟਾਂ ਲੱਗੀਆਂ ਹਨ, ਜੋ ਕਿ ਹੁਣ ਖਤਰੇ ਤੋਂ ਬਾਹਰ ਹਨ। ਸਨੇਹਪਾਲ ਦੀ ਮੌਤ ਤੋਂ ਬਾਅਦ ਸਮੂਹ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।