
ਦਾਵਣਗੇਰੇ, 27 ਫ਼ਰਵਰੀ : ਕਰਨਾਟਕ ਦੀ ਸਿਧਾਰਮਈਆ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਨੂੰ 'ਸਿੱਧਾ ਰੁਪਈਆ ਸਰਕਾਰ' ਦਸਿਆ ਅਤੇ ਇਹ ਵੀ ਕਿਹਾ ਕਿ ਅਜਿਹੀ ਸਰਕਾਰ ਇਕ ਮਿੰਟ ਵੀ ਨਹੀਂ ਰਹਿਣੀ ਚਾਹੀਦੀ। ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਭਾਰਤੀ ਲੋਕ-ਰਾਜੀ ਹਾਕਮਾਂ ਦਾ ਦਿਲਚਸਪ ਸ਼ਬਦ-ਚਿੱਤਰ ਵਿਖਾ ਦਿਤਾ।ਮੋਦੀ ਨੇ ਇਥੇ ਭਾਜਪਾ ਕਿਸਾਨ ਰੈਲੀ ਵਿਚ ਕਿਹਾ, 'ਇਹ ਹੁਣ ਸਾਫ਼ ਹੋ ਗਿਆ ਹੈ ਕਿ ਕਰਨਾਟਕ ਸਰਕਾਰ ਜਾਏਗੀ।' ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿਰੁਧ ਲੋਕਾਂ ਅੰਦਰ ਡਾਢਾ ਗੁੱਸਾ ਤੇ ਨਾਰਾਜ਼ਗੀ ਹੈ। ਸੂਬਾਈ ਭਾਜਪਾ ਦੇ ਪ੍ਰਧਾਨ ਬੀ ਐਸ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਮੋਦੀ ਨੇ ਕਿਹਾ ਕਿ ਕਰਨਾਟਕ ਵਿਚ ਸੱਭ ਕੁੱਝ ਪੈਸਿਆਂ ਲਈ ਹੋ ਰਿਹਾ ਹੈ ਅਤੇ ਸੂਬਾ ਸਰਕਾਰ 'ਇਕ ਸਿੱਧਾ ਰੁਪਈਆ ਸਰਕਾਰ' ਬਣ ਚੁਕੀ ਹੈ। ਉਨ੍ਹਾਂ ਕਿਹਾ, 'ਇਕ ਅਜਿਹਾ ਮੁੱਖ ਮੰਤਰੀ ਹੈ। ਕੁੱਝ ਲੋਕਾਂ ਨੂੰ ਲਗਦਾ ਹੈ ਕਿ ਕਰਨਾਟਕ ਵਿਚ ਸਿਧਾਰਮਈਆ ਸਰਕਾਰ ਹੈ ਪਰ ਸੱਚ ਇਹ ਹੈ ਕਿ ਇਥੇ ਸਿੱਧਾ ਰੁਪਈਆ ਸਰਕਾਰ ਹੈ, ਹਰ ਚੀਜ਼ ਵਿਚ ਸਿੱਧਾ ਰੁਪਈਆ ਹੈ, ਤਦ ਹੀ ਕੰਮ ਹੁੰਦਾ ਹੈ।' ਮੋਦੀ ਨੇ ਪੁਛਿਆ, 'ਤੁਸੀਂ ਮੈਨੂੰ ਦੱਸੋ ਕਿ ਕੀ ਤੁਸੀਂ ਸਿੱਧਾ ਰੁਪਈਆ ਸਭਿਆਚਾਰ ਚਾਹੁੰਦੇ ਹੋ?
ਕੀ ਤੁਸੀਂ ਸਿੱਧਾ ਰੁਪਇਆ ਕਾਰਨਾਮੇ ਚਾਹੁੰਦੇ ਹੋ?
ਕੀ ਆਮ ਆਦਮੀ ਨੂੰ ਇੰਜ ਇਨਸਾਫ਼ ਮਿਲੇਗਾ? ਇਸ ਸਰਕਾਰ ਨੂੰ ਜਾਣਾ ਪਵੇਗਾ।' ਉਨ੍ਹਾਂ ਕਿਹਾ ਕਿ ਕਰਨਾਟਕ ਵਿਚ ਅਜਿਹੀ ਸਰਕਾਰ ਹੋਣੀ ਚਾਹੀਦੀ ਹੈ ਜਿਹੜੀ ਅਪਣੀ ਜਨਤਾ ਦੀ ਗੱਲ ਸੁਣੇ ਅਤੇ ਉਸ ਦੇ ਕੰਮ ਕਰੇ। (ਏਜੰਸੀ)