
ਪੰਜਾਬ ਵਿਚ ਘਰੇਲੂ ਕ੍ਰਿਕਟ ਖੇਡੇ ਪਰ ਭਾਰਤੀ ਟੀਮ ਵਿਚ ਨਹੀਂ ਮਿਲਿਆ ਮੌਕਾ
Big Bash League 2023-24: ਆਸਟ੍ਰੇਲੀਆ 'ਚ ਬਿਗ ਬੈਸ਼ ਲੀਗ 2023-24 ਖੇਡੀ ਜਾ ਰਹੀ ਹੈ। ਭਾਰਤੀ ਮੂਲ ਦੇ ਆਲਰਾਊਂਡਰ ਨਿਖਿਲ ਚੌਧਰੀ ਵੀ ਇਸ ਆਸਟ੍ਰੇਲੀਆਈ ਕ੍ਰਿਕਟ ਲੀਗ 'ਚ ਚੌਕੇ-ਛੱਕੇ ਜੜ ਰਹੇ ਹਨ। ਗੇਂਦਬਾਜ਼ੀ ਹੋਵੇ ਜਾਂ ਬੱਲੇਬਾਜ਼ੀ, ਉਨ੍ਹਾਂ ਦੇ ਹਰਫਨਮੌਲਾ ਖੇਡ ਤੋਂ ਪ੍ਰਸ਼ੰਸਕ ਹੈਰਾਨ ਹਨ। ਬਿਗ ਬੈਸ਼ ਲੀਗ ਦੇ 17ਵੇਂ ਮੈਚ 'ਚ ਮੈਲਬੋਰਨ ਸਟਾਰਸ ਵਿਰੁਧ ਮੈਚ 'ਚ ਨਿਖਿਲ ਨੇ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕੀਤਾ ਅਤੇ 16 ਗੇਂਦਾਂ 'ਤੇ 32 ਦੌੜਾਂ ਬਣਾਈਆਂ। ਨਿਖਿਲ ਨੇ ਅਪਣੀ ਧਮਾਕੇਦਾਰ ਪਾਰੀ 'ਚ 3 ਚੌਕੇ ਅਤੇ 2 ਛੱਕੇ ਲਗਾਏ ਸਨ।
ਨਾਰਦਰਨ ਸਬਬਰਬ ਟੀਮ ਲਈ ਨਿਖਿਲ ਚੌਧਰੀ ਨੇ 28 ਗੇਂਦਾਂ ਵਿਚ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਨਾਲ ਉਨ੍ਹਾਂ ਦੀ ਟੀਮ ਕੁਈਨਜ਼ਲੈਂਡ ਟੀ-20 ਮੈਕਸ ਦੇ ਫਾਈਨਲ ਵਿਚ ਪਹੁੰਚ ਗਈ ਹੈ। ਗੋਲਡ ਕੋਸਟ ਵਿਰੁਧ ਸੈਮੀਫਾਈਨਲ 'ਚ ਅਪਣੀ ਪਾਰੀ 'ਚ ਉਸ ਨੇ 7 ਲੰਬੇ-ਲੰਬੇ ਛੱਕੇ ਜੜੇ ਸਨ।
ਪੰਜਾਬ ਲਈ ਖੇਡ ਚੁੱਕੇ ਘਰੇਲੂ ਕ੍ਰਿਕਟ
ਨਿਖਿਲ ਦਾ ਬਿਗ ਬੈਸ਼ ਸਫ਼ਰ ਸ਼ੁਰੂ ਹੋਇਆ ਕਿਉਂਕਿ ਉਸ ਨੂੰ ਭਾਰਤ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। 1996 ਵਿਚ ਦਿੱਲੀ ਵਿਚ ਜਨਮੇ ਨਿਖਿਲ ਨੇ ਪੰਜਾਬ ਲਈ ਘਰੇਲੂ ਕ੍ਰਿਕਟ ਖੇਡੀ। ਉਸ ਨੇ ਹਰਿਆਣਾ ਵਿਰੁਧ 2016-17 ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਅਪਣੀ ਸ਼ੁਰੂਆਤ ਕੀਤੀ। ਵਿਜੇ ਹਜ਼ਾਰੇ ਟਰਾਫੀ ਵਿਚ ਵੀ ਹਰਿਆਣਾ ਵਿਰੁਧ ਅਪਣਾ ਲਿਸਟ ਏ ਡੈਬਿਊ ਕੀਤਾ। ਉਸ ਨੇ ਪੰਜਾਬ ਲਈ 16 ਟੀ-20 ਅਤੇ 2 ਲਿਸਟ ਏ ਮੈਚ ਖੇਡੇ। ਉਸ ਨੇ ਅੰਡਰ-19 ਵਿਸ਼ਵ ਕੱਪ ਵਿਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਭਾਰਤ ਵਿਚ ਜ਼ਿਆਦਾ ਮੌਕੇ ਨਾ ਮਿਲਣ ਕਾਰਨ ਨਿਖਿਲ ਚੌਧਰੀ ਨੇ ਅਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਆਸਟ੍ਰੇਲੀਆ ਜਾਣ ਦਾ ਫੈਸਲਾ ਕੀਤਾ। ਉਹ ਚਾਰ ਸਾਲ ਪਹਿਲਾਂ ਬ੍ਰਿਸਬੇਨ ਗਏ ਸੀ ਅਤੇ ਉਥੇ ਕਲੱਬ ਕ੍ਰਿਕਟ ਖੇਡਣ ਦਾ ਮੌਕਾ ਮਿਲਿਆ ਸੀ। ਉਸ ਨੂੰ ਅਪਣੀ ਖੇਡ ਲਈ ਪਛਾਣ ਮਿਲਣੀ ਸ਼ੁਰੂ ਹੋ ਗਈ ਹੈ। ਨਿਖਿਲ ਨੂੰ ਬ੍ਰਿਸਬੇਨ ਹੀਟ ਟੀਮ ਵਿਚ ਕੋਵਿਡ ਦੇ ਬਦਲ ਵਜੋਂ ਸ਼ਾਮਲ ਕੀਤਾ ਗਿਆ ਸੀ, ਪਰ ਫਿਰ ਉਸ ਦਾ ਕਰੀਅਰ ਸੰਤੁਲਨ ਵਿਚ ਲਟਕ ਗਿਆ। ਪਿਛਲੇ ਸਾਲ ਸਤੰਬਰ ਦੀ ਸ਼ੁਰੂਆਤ ਤਕ ਉਸ ਨੂੰ ਬਿੱਗ ਬੈਸ਼ ਤੋਂ ਕਰਾਰ ਨਹੀਂ ਮਿਲਿਆ।
ਨਿਖਿਲ ਦਾ ਕਹਿਣਾ ਹੈ, 'ਮੈਂ ਸੋਚਿਆ ਸੀ ਕਿ ਮੈਨੂੰ ਬਿਗ ਬੈਸ਼ ਦਾ ਕਰਾਰ ਮਿਲੇਗਾ। ਪਰ ਤੁਸੀਂ ਜੋ ਚਾਹੁੰਦੇ ਹੋ ਜਦੋਂ ਉਹ ਨਹੀਂ ਹੁੰਦਾ, ਤਾਂ ਤੁਹਾਡਾ ਦਿਲ ਟੁੱਟ ਜਾਂਦਾ ਹੈ।'' ਹਾਲਾਂਕਿ, ਕੁੱਝ ਦਿਨਾਂ ਬਾਅਦ, ਨਿਖਿਲ ਦੇ ਏਜੰਟ ਨੇ ਉਸ ਨੂੰ ਫੋਨ ਕੀਤਾ ਅਤੇ ਦਸਿਆ ਕਿ ਉਸ ਦਾ ਹੋਬਾਰਟ ਹਰੀਕੇਨਜ਼ ਨਾਲ ਇਕਰਾਰਨਾਮਾ ਹੈ। ਇਸ ਕਾਲ ਨੇ ਨਿਖਿਲ ਦੀ ਜ਼ਿੰਦਗੀ ਬਦਲ ਦਿਤੀ ਅਤੇ ਆਸਟ੍ਰੇਲੀਆ ਵਿਚ ਉਸ ਦਾ ਪੇਸ਼ੇਵਰ ਕ੍ਰਿਕਟ ਕਰੀਅਰ ਸਹੀ ਰਸਤੇ 'ਤੇ ਆ ਗਿਆ।
ਹਰਭਜਨ ਸਿੰਘ ਦੀ ਕਪਤਾਨੀ 'ਚ ਕਈ ਮੈਚ ਖੇਡੇ
ਨਿਖਿਲ ਚੌਧਰੀ ਨੇ ਹਰਭਜਨ ਸਿੰਘ ਦੀ ਕਪਤਾਨੀ ਵਿਚ ਵੀ ਪੰਜਾਬ ਲਈ ਕਈ ਮੈਚ ਖੇਡੇ ਹਨ। ਆਲਰਾਊਂਡਰ ਖਿਡਾਰੀ ਨੇ ਕਿਹਾ, ਭਾਰਤ 'ਚ ਕ੍ਰਿਕਟ ਬਿਲਕੁਲ ਵੱਖਰਾ ਹੈ। ਉਥੇ ਵੱਡੇ ਖਿਡਾਰੀਆਂ ਨੂੰ ਦੇਵਤਿਆਂ ਵਾਂਗ ਪੂਜਿਆ ਜਾਂਦਾ ਹੈ। ਜਦੋਂ ਮੈਂ ਪਹਿਲੀ ਵਾਰ ਹਰਭਜਨ ਸਿੰਘ ਦੀ ਅਗਵਾਈ ਵਿਚ ਖੇਡਿਆ ਤਾਂ ਮੈਂ ਬਹੁਤ ਘਬਰਾ ਗਿਆ ਸੀ। ਪਰ, ਜਦੋਂ ਮੈਂ ਹੌਲੀ-ਹੌਲੀ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਤਾਂ ਮੈਨੂੰ ਪਤਾ ਲੱਗਿਆ ਕਿ ਉਹ ਬਹੁਤ ਨਿਮਰ ਵਿਅਕਤੀ ਹੈ”।
(For more Punjabi news apart from Big Bash League 2023-24: Indian origin Nikhil Chaudhary smashes sixes, stay tuned to Rozana Spokesman)