
ਵਿਅਕਤੀਗਤ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਸਰਬਜੋਤ ਨੇ ਹਵਾਈ ਸੈਨਾ ਦੇ ਗੌਰਵ ਰਾਣਾ ਨੂੰ 16-4 ਨਾਲ ਹਰਾਇਆ।
ਨਵੀਂ ਦਿੱਲੀ: ਹਰਿਆਣਾ ਦੇ ਸਰਬਜੋਤ ਸਿੰਘ ਨੇ ਸ਼ੁੱਕਰਵਾਰ ਨੂੰ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੌਰਾਨ ਟੀਮ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ-ਨਾਲ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਦੋ ਸੋਨ ਤਮਗ਼ੇ ਜਿੱਤੇ।
ਭੋਪਾਲ ਸਥਿਤ ਐਮਪੀ ਸ਼ੂਟਿੰਗ ਅਕੈਡਮੀ ਕੰਪਲੈਕਸ ਵਿਚ ਹੋਏ ਵਿਅਕਤੀਗਤ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਸਰਬਜੋਤ ਨੇ ਹਵਾਈ ਸੈਨਾ ਦੇ ਗੌਰਵ ਰਾਣਾ ਨੂੰ 16-4 ਨਾਲ ਹਰਾਇਆ। ਟੀਮ ਈਵੈਂਟ ਵਿਚ ਸੁਮਿਤ ਰਮਨ ਅਤੇ ਅਨਮੋਲ ਜੈਨ ਦੀ ਤਿਕੜੀ ਨੇ ਕੁੱਲ 1736 ਅੰਕਾਂ ਨਾਲ ਸੋਨ ਤਮਗ਼ਾ ਜਿੱਤਿਆ।
ਜੂਨੀਅਰ ਅਤੇ ਯੁਵਾ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਹਰਿਆਣਾ ਦੇ ਸ਼ਿਵ ਨਰਵਾਲ ਅਤੇ ਸੈਨਾ ਦੇ ਪ੍ਰਦਿਊਮਨ ਸਿੰਘ ਆਹਮੋ-ਸਾਹਮਣੇ ਹੋਏ। ਸ਼ਿਵ ਨੇ ਪ੍ਰਦਿਊਮਨ ਨੂੰ 16-8 ਨਾਲ ਹਰਾ ਕੇ ਯੁਵਾ ਖਿਤਾਬ ਜਿੱਤਿਆ, ਜਦਕਿ ਪ੍ਰਦਿਊਮਨ ਨੇ ਕਰੀਬੀ ਮੁਕਾਬਲੇ ਵਿਚ 17-13 ਨਾਲ ਜੂਨੀਅਰ ਖਿਤਾਬ ਜਿੱਤਿਆ।