
ਭਾਰਤ 4 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਅੱਗੇ
ਨਵੀਂ ਦਿੱਲੀ : ਆਸਟ੍ਰੇਲੀਆ ਨੇ ਭਾਰਤ ਖਿਲਾਫ ਟੈਸਟ ਸੀਰੀਜ਼ 'ਚ ਸ਼ਾਨਦਾਰ ਵਾਪਸੀ ਕੀਤੀ ਹੈ। ਇੰਦੌਰ 'ਚ ਖੇਡੇ ਗਏ ਤੀਜੇ ਟੈਸਟ 'ਚ ਕੰਗਾਰੂ ਟੀਮ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਹਿਲੇ ਦੋ ਟੈਸਟ ਭਾਰਤ ਨੇ ਜਿੱਤੇ ਸਨ। ਭਾਰਤ ਨੂੰ 2 ਸਾਲ ਅਤੇ 9 ਟੈਸਟਾਂ ਦੇ ਬਾਅਦ ਘਰੇਲੂ ਮੈਦਾਨ 'ਤੇ ਹਾਰ ਮਿਲੀ। ਇਸ ਤਰ੍ਹਾਂ ਭਾਰਤੀ ਟੀਮ 4 ਮੈਚਾਂ ਦੀ ਸੀਰੀਜ਼ 'ਚ ਅਜੇ ਵੀ 2-1 ਨਾਲ ਅੱਗੇ ਹੈ। ਚੌਥਾ ਅਤੇ ਆਖਰੀ ਟੈਸਟ 9 ਮਾਰਚ ਤੋਂ ਅਹਿਮਦਾਬਾਦ ਵਿੱਚ ਖੇਡਿਆ ਜਾਣਾ ਹੈ।
ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੂੰ ਜਿੱਤ ਲਈ 76 ਦੌੜਾਂ ਬਣਾਉਣੀਆਂ ਸਨ। ਪਰ ਆਫ ਸਪਿਨਰ ਆਰ ਅਸ਼ਵਿਨ ਨੇ ਦੂਜੀ ਹੀ ਗੇਂਦ 'ਤੇ ਉਸਮਾਨ ਖਵਾਜਾ ਆਊਟ ਹੋ ਗਏ ਤੇ ਖਵਾਜਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਅਜਿਹੇ 'ਚ ਲੱਗ ਰਿਹਾ ਸੀ ਕਿ ਮੈਚ ਰੋਮਾਂਚਕ ਹੋਵੇਗਾ।
ਤਿੰਨੋਂ ਟੈਸਟਾਂ ਦੀ ਗੱਲ ਕਰੀਏ ਤਾਂ ਉਹ ਸਿਰਫ਼ 3 ਦਿਨਾਂ ਵਿੱਚ ਹੀ ਖ਼ਤਮ ਹੋ ਗਏ। ਇੰਦੌਰ ਟੈਸਟ ਦੀ ਗੱਲ ਕਰੀਏ ਤਾਂ ਪਹਿਲੇ ਦਿਨ 14 ਅਤੇ ਦੂਜੇ ਦਿਨ 16 ਵਿਕਟਾਂ ਡਿੱਗੀਆਂ। ਯਾਨੀ ਪਹਿਲੇ 2 ਦਿਨਾਂ 'ਚ ਹੀ 30 ਵਿਕਟਾਂ ਡਿੱਗ ਗਈਆਂ। ਆਸਟ੍ਰੇਲੀਆ ਦੇ ਸਪਿਨਰਾਂ ਨੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਭਾਰਤ ਦੀਆਂ 20 ਵਿੱਚੋਂ 18 ਵਿਕਟਾਂ ਸਪਿਨਰਾਂ ਨੇ ਲਈਆਂ। ਤੇਜ਼ ਗੇਂਦਬਾਜ਼ ਨੂੰ ਸਿਰਫ਼ ਇੱਕ ਵਿਕਟ ਮਿਲੀ ਜਦਕਿ ਇੱਕ ਖਿਡਾਰੀ ਰਨ ਆਊਟ ਹੋਇਆ। ਆਫ ਸਪਿਨਰ ਨਾਥਨ ਲਿਓਨ ਮੈਚ ਦੇ ਜੇਤੂ ਵਜੋਂ ਸਾਹਮਣੇ ਆਏ। ਉਸ ਨੇ ਪਹਿਲੀ ਪਾਰੀ 'ਚ 3 ਅਤੇ ਦੂਜੀ ਪਾਰੀ 'ਚ 8 ਵਿਕਟਾਂ ਲਈਆਂ। ਮਤਲਬ ਕੁੱਲ 11 ਵਿਕਟਾਂ। ਇਸ ਕਾਰਨ ਭਾਰਤੀ ਟੀਮ ਪਹਿਲੀ ਪਾਰੀ ਵਿੱਚ ਸਿਰਫ਼ 109 ਦੌੜਾਂ ਹੀ ਬਣਾ ਸਕੀ ਅਤੇ ਦੂਜੀ ਪਾਰੀ ਵਿੱਚ ਸਿਰਫ਼ 163 ਦੌੜਾਂ ਹੀ ਬਣਾ ਸਕੀ। ਖੱਬੇ ਹੱਥ ਦੇ ਸਪਿਨਰ ਮੈਥਿਊ ਕੁਨਹੇਮੈਨ ਨੇ ਪਹਿਲੀ ਪਾਰੀ ਵਿੱਚ 5 ਅਤੇ ਦੂਜੀ ਪਾਰੀ ਵਿੱਚ ਇੱਕ ਵਿਕਟ ਲਈ। ਇਕ ਵਿਕਟ ਆਫ ਸਪਿਨਰ ਟੌਡ ਮਰਫੀ ਨੂੰ ਵੀ ਮਿਲੀ।
ਆਸਟ੍ਰੇਲੀਆ ਲਈ ਪਹਿਲੀ ਪਾਰੀ 'ਚ ਉਸਮਾਨ ਖਵਾਜਾ ਨੇ 60 ਮਹੱਤਵਪੂਰਨ ਦੌੜਾਂ ਬਣਾਈਆਂ। ਇਸ ਕਾਰਨ ਟੀਮ 197 ਦੌੜਾਂ ਹੀ ਬਣਾ ਸਕੀ। ਮਾਰਨਸ ਲਾਬੂਸ਼ੇਨ ਨੇ 31 ਅਤੇ ਕਪਤਾਨ ਸਟੀਵ ਸਮਿਥ ਨੇ 26 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 4 ਅਤੇ ਆਰ ਅਸ਼ਵਿਨ ਅਤੇ ਉਮੇਸ਼ ਯਾਦਵ ਨੇ 3-3 ਵਿਕਟਾਂ ਹਾਸਲ ਕੀਤੀਆਂ। ਇੰਦੌਰ ਟੈਸਟ ਦੀ ਗੱਲ ਕਰੀਏ ਤਾਂ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕਮਾਲ ਨਹੀਂ ਕਰ ਸਕਿਆ। ਚੇਤੇਸ਼ਵਰ ਪੁਜਾਰਾ ਨੇ ਦੂਜੀ ਪਾਰੀ ਵਿੱਚ 59 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ। ਕਪਤਾਨ ਰੋਹਿਤ ਸ਼ਰਮਾ ਪਹਿਲੀ ਪਾਰੀ ਵਿੱਚ 12 ਅਤੇ ਦੂਜੀ ਪਾਰੀ ਵਿੱਚ ਵੀ ਸਿਰਫ਼ 12 ਦੌੜਾਂ ਹੀ ਬਣਾ ਸਕਿਆ।
ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਹਿਲੀ ਪਾਰੀ 'ਚ 22 ਅਤੇ ਦੂਜੀ ਪਾਰੀ 'ਚ 13 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 21 ਅਤੇ 5 ਅਤੇ ਸ਼੍ਰੇਅਸ ਅਈਅਰ ਨੇ 0 ਅਤੇ 26 ਦੌੜਾਂ ਬਣਾਈਆਂ। ਅਕਸ਼ਰ ਪਟੇਲ ਦੋਵੇਂ ਪਾਰੀਆਂ ਵਿੱਚ ਅਜੇਤੂ ਰਹੇ। ਉਸ ਨੇ ਪਹਿਲੀ ਪਾਰੀ ਵਿੱਚ ਨਾਬਾਦ 12 ਅਤੇ ਦੂਜੀ ਪਾਰੀ ਵਿੱਚ ਨਾਬਾਦ 15 ਦੌੜਾਂ ਬਣਾਈਆਂ।