
ਹਾਰਦਿਕ ਨੂੰ ਕਪਤਾਨੀ ਸੌਂਪਦੇ ਸਮੇਂ ਸਪੱਸ਼ਟ ਸੰਚਾਰ ਹੋਣਾ ਚਾਹੀਦਾ ਸੀ : ਰਵੀ ਸ਼ਾਸਤਰੀ
ਨਵੀਂ ਦਿੱਲੀ: ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਜੇਕਰ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਉਂਦੇ ਸਮੇਂ ਸੰਚਾਰ ’ਚ ਸਪੱਸ਼ਟਤਾ ਵਿਖਾਈ ਹੁੰਦੀ ਤਾਂ ਇਸ ਆਲਰਾਊਂਡਰ ਪ੍ਰਤੀ ਪ੍ਰਸ਼ੰਸਕਾਂ ਦੀ ਸਖਤ ਪ੍ਰਤੀਕਿਰਿਆ ਤੋਂ ਬਚਿਆ ਜਾ ਸਕਦਾ ਸੀ। ਸ਼ਾਸਤਰੀ ਨੇ ਹਾਰਦਿਕ ਨੂੰ ਸ਼ਾਂਤ ਰਹਿਣ ਅਤੇ ਅਪਣੇ ਖੇਡ ਪ੍ਰਦਰਸ਼ਨ ਨਾਲ ਜਵਾਬ ਦੇਣ ਦੀ ਸਲਾਹ ਵੀ ਦਿਤੀ।
‘ਸਟਾਰ ਸਪੋਰਟਸ’ ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ, ‘‘ਇਹ ਭਾਰਤੀ ਕ੍ਰਿਕਟ ਟੀਮ ਨਹੀਂ ਹੈ ਜੋ ਖੇਡ ਰਹੀ ਹੈ। ਇਹ ਫ੍ਰੈਂਚਾਇਜ਼ੀ ਕ੍ਰਿਕਟ ਹੈ। ਉਨ੍ਹਾਂ ਨੇ ਬਹੁਤ ਸਾਰਾ ਪੈਸਾ ਖਰਚ ਕੀਤਾ ਹੈ। ਉਹ ਮਾਲਕ ਹਨ ਅਤੇ ਕਪਤਾਨ ਬਣਾਉਣਾ ਉਨ੍ਹਾਂ ਦਾ ਅਧਿਕਾਰ ਹੈ। ਮੇਰਾ ਮੰਨਣਾ ਹੈ ਕਿ ਸੰਚਾਰ ’ਚ ਸਪਸ਼ਟਤਾ ਨਾਲ ਇਸ ਮਾਮਲੇ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਸੀ।’’
ਸ਼ਾਸਤਰੀ ਨੇ ਕਿਹਾ, ‘‘ਜੇ ਤੁਸੀਂ ਹਾਰਦਿਕ ਪਾਂਡਿਆ ਨੂੰ ਕਪਤਾਨ ਬਣਾਉਣਾ ਚਾਹੁੰਦੇ ਸੀ ਤਾਂ ਤੁਸੀਂ ਕਹਿ ਸਕਦੇ ਸੀ ਕਿ ਅਸੀਂ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਅਜਿਹਾ ਕਰ ਰਹੇ ਹਾਂ। ਰੋਹਿਤ ਸ਼ਰਮਾ ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਅਸੀਂ ਸਾਰੇ ਇਹ ਜਾਣਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਟੀਮ ਨੂੰ ਅੱਗੇ ਲਿਜਾਣ ਲਈ ਅਗਲੇ ਤਿੰਨ ਸਾਲਾਂ ਤਕ ਹਾਰਦਿਕ ਦੀ ਮਦਦ ਕਰਨ।’’
ਮੁੰਬਈ ਇੰਡੀਅਨਜ਼ ਨੇ ਮੌਜੂਦਾ ਸੀਜ਼ਨ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਥਾਂ ਹਾਰਦਿਕ ਨੂੰ ਕਪਤਾਨ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਕਪਤਾਨੀ ’ਚ ਟੀਮ ਪਹਿਲੇ ਤਿੰਨ ਮੈਚ ਨਹੀਂ ਜਿੱਤ ਸਕੀ ਹੈ। ਉਨ੍ਹਾਂ ਕਿਹਾ, ‘‘ਹਾਰਦਿਕ ਨੂੰ ਮੇਰੀ ਸਲਾਹ ਹੈ ਕਿ ਸ਼ਾਂਤ ਰਹੋ, ਸਬਰ ਰੱਖੋ, ਨਜ਼ਰਅੰਦਾਜ਼ ਕਰੋ ਅਤੇ ਸਿਰਫ ਅਪਣੀ ਖੇਡ ’ਤੇ ਧਿਆਨ ਕੇਂਦਰਿਤ ਕਰੋ। ਮੁੰਬਈ ਇੰਡੀਅਨਜ਼ ਇਕ ਮਹਾਨ ਟੀਮ ਹੈ ਅਤੇ ਜੇਕਰ ਉਨ੍ਹਾਂ ਨੂੰ ਗਤੀ ਮਿਲਦੀ ਹੈ ਤਾਂ ਉਹ ਲਗਾਤਾਰ ਤਿੰਨ ਜਾਂ ਚਾਰ ਮੈਚ ਜਿੱਤ ਸਕਦੇ ਹਨ ਅਤੇ ਫਿਰ ਇਹ ਮਸਲਾ ਦੱਬ ਜਾਵੇਗਾ।’’ ਮੁੰਬਈ ਇੰਡੀਅਨਜ਼ ਅਪਣਾ ਅਗਲਾ ਮੈਚ 7 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ ’ਚ ਦਿੱਲੀ ਕੈਪੀਟਲਜ਼ ਨਾਲ ਖੇਡੇਗੀ।