
ਇਕੋ ਵਿਸ਼ਵ ਕੱਪ ਵਿਚ ਚਾਰ ਸੈਂਕੜੇ ਮਾਰਨ ਵਾਲਾ ਪਹਿਲਾ ਭਾਰਤੀ ਬਣਿਆ ਰੋਹਿਤ ਸ਼ਰਮਾ
ਬਰਮਿੰਘਮ: ਵਿਸ਼ਵ ਕੱਪ ਦੇ 40ਵੇਂ ਮੈਚ ਵਿਚ ਮੰਗਲਵਾਰ ਨੂੰ ਬਰਮਿੰਘਮ ਦੇ ਏਜਬੈਸਟਨ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 315 ਦੌੜਾਂ ਦਾ ਟੀਚਾ ਦਿਤਾ। ਜਿਸਦਾ ਪਿਛਾ ਕਰਦੇ ਹੋਏ ਬੰਗਲਾਦੇਸ਼ ਦੀ ਪੂਰੀ ਟੀਮ 286 ਦੌੜਾਂ 'ਤੇ ਢੇਰ ਹੋ ਗਈ ਜਿਸ ਵਿਚ ਸ਼ਾਕਿਬ ਅਲ ਹਸਨ ਨੇ 74 ਗੇਂਦਾਂ 'ਚ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਵਿਸ਼ਵ ਕੱਪ ਦੇ ਸੈਮੀਫ਼ਾਈਨ 'ਚ ਅਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।
Rohit Sharma
ਹਿੱਟਮੈਨ ਰੋਹਿਤ ਸ਼ਰਮਾ (104) ਦੇ ਰੀਕਾਰਡ ਸੈਂਕੜੇ ਤੇ ਉਸ ਦੀ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਵਿਰੁਧ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਮੰਗਲਵਾਰ 50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਰੋਹਿਤ ਤੇ ਰਾਹੁਲ ਨੇ ਓਪਨਿੰਗ ਸਾਂਝੇਦਾਰੀ ਵਿਚ 29.2 ਓਵਰਾਂ ਵਿਚ 180 ਦੌੜਾਂ ਜੋੜੀਆਂ। ਰੋਹਿਤ ਨੇ ਸਿਰਫ 92 ਗੇਂਦਾਂ ਵਿਚ 7 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਰੋਹਿਤ ਦਾ ਇਸ ਟੂਰਨਾਮੈਂਟ 'ਚ ਇਹ ਲਗਾਤਾਰ ਦੂਜਾ ਅਤੇ ਕੁਲ ਚੌਥਾ ਸੈਂਕੜਾ ਹੈ।
ICC Cricket World Cup 2019
ਰਾਹੁਲ ਨੇ 92 ਗੇਂਦਾਂ ਵਿਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ ਇਸ ਵਾਰ 26 ਦੌੜਾਂ ਬਣਾ ਕੇ ਆਊਟ ਹੋ ਗਿਆ। ਆਲਰਾਊਂਡਰ ਹਾਰਦਿਕ ਪੰਡਯਾ ਖਾਤਾ ਖੋਲ੍ਹੇ ਬਿਨਾਂ ਆਊਟ ਹੋਇਆ। ਰੋਹਿਤ ਨੂੰ ਸੌਮਿਆ ਸਰਕਾਰ, ਰਾਹੁਲ ਨੂੰ ਰੂਬੇਲ ਹੁਸੈਨ, ਵਿਰਾਟ ਨੂੰ ਮੁਸਤਾਫਿਜ਼ੁਰ ਰਹਿਮਾਨ ਤੇ ਪੰਡਯਾ ਨੂੰ ਮੁਸਤਾਫਿਜ਼ੁਰ ਨੇ ਆਊਟ ਕੀਤਾ।
India beat Bangladesh in semifinal
ਅਪਣਾ ਦੂਜਾ ਵਿਸ਼ਵ ਕੱਪ ਮੈਚ ਖੇਡ ਰਹੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੇ ਹਮਲਾਵਰ ਅੰਦਾਜ਼ ਦਿਖਾਇਆ ਤੇ 41 ਗੇਂਦਾਂ 'ਤੇ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 48 ਦੌੜਾਂ ਦੀ ਪਾਰੀ ਖੇਡੀ। ਪੰਤ ਨੇ ਧੋਨੀ ਨਾਲ ਪੰਜਵੀਂ ਵਿਕਟ ਲਈ 40 ਦੌੜਾਂ ਜੋੜੀਆਂ। ਪੰਤ ਨੂੰ ਸ਼ਾਕਿਬ ਅਲ ਹਸਨ ਨੇ ਮੋਸਾਡੇਕ ਹੁਸੈਨ ਹੱਥੋਂ ਕੈਚ ਕਰਵਾਇਆ। ਇਸ ਮੈਚ ਵਿਚ ਹਾਰਦਿਕ ਪੰਡਯਾ ਤਿੰਨ ਅਤੇ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਲਈਆਂ ਅਤੇ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਹਿਲ ਨੇ ਇਕ-ਇਕ ਵਿਕਟ ਲਈ।