
ਟੀਮ ਇੰਡੀਆ ਦੀ ਦਿੱਗਜ਼ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੀ ਦਿੱਗਜ਼ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਹ ਇਕ ਰੋਜ਼ਾ ਕ੍ਰਿਕਟ ਖੇਡਣਾ ਜਾਰੀ ਰੱਖੇਗੀ। ਬੀਸੀਸੀਆਈ ਨੇ ਮਿਤਾਲੀ ਰਾਜ ਦੇ ਇਸ ਵੱਡੇ ਐਲਾਨ ਦੀ ਪੁਸ਼ਟੀ ਕਰ ਦਿੱਤੀ ਹੈ। ਮਿਤਾਲੀ ਨੇ ਕਿਹਾ ਹੈ ਕਿ 2006 ਤੋਂ ਟੀ-20 ਮੈਚਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਤੋਂ ਬਾਅਦ ਹੁਣ ਉਹ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਨਜ਼ਰ 2021 ਵਿਚ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ‘ਤੇ ਹੈ।
Mithali Raj
ਮਿਤਾਲੀ ਰਾਜ ਨੇ 32 ਟੀ-20 ਮੁਕਾਬਲਿਆਂ ਵਿਚ ਭਾਰਤ ਦੀ ਕਪਤਾਨੀ ਕੀਤੀ। ਇਹਨਾਂ ਵਿਚੋਂ ਤਿੰਨ ਵਿਸ਼ਵ ਕੱਪ 2012, 2014 ਅਤੇ 2016 ਵੀ ਸ਼ਾਮਲ ਹਨ। ਸਾਲ 2006 ਵਿਚ ਜਦੋਂ ਭਾਰਤੀ ਕ੍ਰਿਕਟ ਟੀਮ ਨੇ ਡਰਬੀ ਵਿਚ ਅਪਣਾ ਪਹਿਲਾ ਟੀ-20 ਖੇਡਿਆ ਸੀ ਤਾਂ ਮਿਤਾਲੀ ਹੀ ਟੀਮ ਦੀ ਕਪਤਾਨ ਸੀ। ਮਿਤਾਲੀ ਨੇ ਅਪਣੇ ਕੈਰੀਅਰ ਵਿਚ 89 ਟੀ-20 ਮੁਕਾਬਲੇ ਖੇਡੇ। ਇਹਨਾਂ ਵਿਚ ਉਹਨਾਂ ਨੇ 2364 ਦੌੜਾਂ ਬਣਾਈਆਂ। ਮਿਤਾਲੀ ਨੇ 17 ਅਰਧ ਸੈਂਕੜੇ ਬਣਾਏ ਅਤੇ ਉਹਨਾਂ ਦੇ ਸਭ ਤੋਂ ਜ਼ਿਆਦਾ ਸਕੋਰ 97 ਰਹੇ।
Mithali Raj
ਮਹਿਲਾ ਕ੍ਰਿਕਟ ਦੀ ਸਚਿਨ ਤੇਦੁਲਕਰ ਮਿਤਾਲੀ ਰਾਜ ਨੇ ਅਪਣਾ ਆਖ਼ਰੀ ਟੀ-20 ਮੁਕਾਬਲਾ 9 ਮਾਰਚ 2019 ਨੂੰ ਇੰਗਲੈਂਡ ਵਿਰੁੱਧ ਖੇਡਿਆ ਸੀ। ਇਸ ਮੈਚ ਵਿਚ ਉਹਨਾਂ ਨੇ 32 ਗੇਂਦਾਂ ‘ਤੇ 30 ਦੌੜਾਂ ਬਣਾਈਆ ਸਨ। ਸੰਨਿਆਸ ਦਾ ਐਲਾਨ ਕਰਦੇ ਹੋਏ ਮਿਤਾਲੀ ਰਾਜ ਨੇ ਕਿਹਾ ਕਿ ਉਹ 2021 ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਤਿਆਰੀ ਕਰਨਾ ਚਾਹੁੰਦੀ ਹੈ।
Mithali Raj
ਇਸ ਦੇ ਨਾਲ ਹੀ ਉਹਨਾਂ ਨੇ ਲਗਾਤਾਰ ਸਮਰਥਨ ਲਈ ਬੀਸੀਸੀਆਈ ਦਾ ਧੰਨਵਾਦ ਕੀਤਾ ਅਤੇ ਭਾਰਤੀ ਟੀ-20 ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਭਾਰਤ ਲਈ ਸਭ ਤੋਂ ਪਹਿਲਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 2000 ਦੌੜਾਂ ਬਣਾਉਣ ਦਾ ਰਿਕਾਰਡ ਮਿਤਾਲੀ ਦੇ ਨਾਂਅ ਹੈ। ਉਹਨਾਂ ਨੇ ਭਾਰਤੀ ਟੀਮ ਦੇ ਮੈਂਬਰ ਰੋਹਿਤ ਅਤੇ ਵਿਰਾਟ ਕੌਹਲੀ ਤੋਂ ਵੀ ਪਹਿਲਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 2000 ਦੌੜਾਂ ਪੂਰੀਆਂ ਕੀਤੀਆਂ ਸਨ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ